ਸੁਖਮਨੀ ਸਾਹਿਬ

(ਅੰਗ: 12)


ਜੇ ਕੋ ਆਪੁਨਾ ਦੂਖੁ ਮਿਟਾਵੈ ॥

ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,

ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥

ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।

ਜੇ ਕੋ ਅਪੁਨੀ ਸੋਭਾ ਲੋਰੈ ॥

ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,

ਸਾਧਸੰਗਿ ਇਹ ਹਉਮੈ ਛੋਰੈ ॥

ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।

ਜੇ ਕੋ ਜਨਮ ਮਰਣ ਤੇ ਡਰੈ ॥

ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,

ਸਾਧ ਜਨਾ ਕੀ ਸਰਨੀ ਪਰੈ ॥

ਤਾਂ ਉਹ ਸੰਤਾਂ ਦੀ ਚਰਨੀਂ ਲੱਗੇ।

ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥

ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,

ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥

(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,

ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥

ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ।

ਆਪਸ ਕਉ ਜੋ ਜਾਣੈ ਨੀਚਾ ॥

ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,

ਸੋਊ ਗਨੀਐ ਸਭ ਤੇ ਊਚਾ ॥

ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।

ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥

ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)

ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥

ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।

ਮਨ ਅਪੁਨੇ ਤੇ ਬੁਰਾ ਮਿਟਾਨਾ ॥

ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,

ਪੇਖੈ ਸਗਲ ਸ੍ਰਿਸਟਿ ਸਾਜਨਾ ॥

ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।

ਸੂਖ ਦੂਖ ਜਨ ਸਮ ਦ੍ਰਿਸਟੇਤਾ ॥

(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,

ਨਾਨਕ ਪਾਪ ਪੁੰਨ ਨਹੀ ਲੇਪਾ ॥੬॥

ਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥

ਨਿਰਧਨ ਕਉ ਧਨੁ ਤੇਰੋ ਨਾਉ ॥

(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,

ਨਿਥਾਵੇ ਕਉ ਨਾਉ ਤੇਰਾ ਥਾਉ ॥

ਨਿਆਸਰੇ ਨੂੰ ਤੇਰਾ ਆਸਰਾ ਹੈ।