ਸੁਖਮਨੀ ਸਾਹਿਬ

(ਅੰਗ: 11)


ਸੋਚ ਕਰੈ ਦਿਨਸੁ ਅਰੁ ਰਾਤਿ ॥

(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,

ਮਨ ਕੀ ਮੈਲੁ ਨ ਤਨ ਤੇ ਜਾਤਿ ॥

(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।

ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥

(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,

ਮਨ ਤੇ ਕਬਹੂ ਨ ਬਿਖਿਆ ਟਰੈ ॥

(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।

ਜਲਿ ਧੋਵੈ ਬਹੁ ਦੇਹ ਅਨੀਤਿ ॥

(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,

ਸੁਧ ਕਹਾ ਹੋਇ ਕਾਚੀ ਭੀਤਿ ॥

(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?

ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥

ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।

ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥

(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,

ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥

(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।

ਭੇਖ ਅਨੇਕ ਅਗਨਿ ਨਹੀ ਬੁਝੈ ॥

ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,

ਕੋਟਿ ਉਪਾਵ ਦਰਗਹ ਨਹੀ ਸਿਝੈ ॥

(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।

ਛੂਟਸਿ ਨਾਹੀ ਊਭ ਪਇਆਲਿ ॥

(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,

ਮੋਹਿ ਬਿਆਪਹਿ ਮਾਇਆ ਜਾਲਿ ॥

(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।

ਅਵਰ ਕਰਤੂਤਿ ਸਗਲੀ ਜਮੁ ਡਾਨੈ ॥

(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,

ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥

ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ।

ਹਰਿ ਕਾ ਨਾਮੁ ਜਪਤ ਦੁਖੁ ਜਾਇ ॥

(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)

ਨਾਨਕ ਬੋਲੈ ਸਹਜਿ ਸੁਭਾਇ ॥੪॥

ਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥

ਚਾਰਿ ਪਦਾਰਥ ਜੇ ਕੋ ਮਾਗੈ ॥

ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,

ਸਾਧ ਜਨਾ ਕੀ ਸੇਵਾ ਲਾਗੈ ॥

(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।