ਮਹਲਾ ੧ ਬਸੰਤੁ ॥

ਰੁਤਿ ਆਈਲੇ ਸਰਸ ਬਸੰਤ ਮਾਹਿ ॥

ਹੇ ਪ੍ਰਭੂ! ਉਹਨਾਂ ਮਨੁੱਖਾਂ ਵਾਸਤੇ (ਇਹ ਮਨੁੱਖਾ ਜਨਮ, ਮਾਨੋ, ਬਸੰਤ ਦੀ) ਰੁੱਤ ਆਈ ਹੋਈ ਹੈ, ਉਹ (ਮਨੁੱਖਾ ਜਨਮ ਵਾਲੀ) ਇਸ ਰੁੱਤ ਵਿਚ ਸਦਾ ਖਿੜੇ ਰਹਿੰਦੇ ਹਨ,

ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥

ਜੇਹੜੇ ਬੰਦੇ ਤੇਰੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਜੇਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖ਼ੁਸ਼ੀ ਵਿਚ ਰਹਿੰਦੇ ਹਨ।

ਕਿਸੁ ਪੂਜ ਚੜਾਵਉ ਲਗਉ ਪਾਇ ॥੧॥

(ਲੋਕ ਬਸੰਤ ਰੁੱਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟ ਚੜ੍ਹਾ ਕੇ ਪੂਜਾ ਕਰਦੇ ਹਨ। ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ, ਤੇਥੋਂ ਬਿਨਾ) ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ) ਭੇਟਾ ਕਰਾਂ? (ਤੈਥੋਂ ਬਿਨਾ) ਮੈਂ ਹੋਰ ਕਿਸ ਦੀ ਚਰਨੀਂ ਲੱਗਾ? ॥੧॥

ਤੇਰਾ ਦਾਸਨਿ ਦਾਸਾ ਕਹਉ ਰਾਇ ॥

ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ।

ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥

ਹੇ ਜਗਤ ਦੇ ਜੀਵਨ ਪ੍ਰਭੂ! ਤੇਰੇ ਮਿਲਾਪ ਦੀ ਜੁਗਤੀ (ਤੇਰੇ ਦਾਸਾਂ ਤੋਂ ਬਿਨਾ) ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ॥੧॥ ਰਹਾਉ ॥

ਤੇਰੀ ਮੂਰਤਿ ਏਕਾ ਬਹੁਤੁ ਰੂਪ ॥

ਹੇ ਪ੍ਰਭੂ! ਤੇਰੀ ਹਸਤੀ ਇੱਕ ਹੈ, ਤੇਰੇ ਰੂਪ ਅਨੇਕਾਂ ਹਨ।

ਕਿਸੁ ਪੂਜ ਚੜਾਵਉ ਦੇਉ ਧੂਪ ॥

ਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਧੂਪ ਦਿਆਂ? ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ ਆਦਿਕ) ਭੇਟਾ ਧਰਾਂ?

ਤੇਰਾ ਅੰਤੁ ਨ ਪਾਇਆ ਕਹਾ ਪਾਇ ॥

ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥

ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਹਾਂ ॥੨॥

ਤੇਰੇ ਸਠਿ ਸੰਬਤ ਸਭਿ ਤੀਰਥਾ ॥

ਤੇਰੇ ਸੱਠ ਸਾਲ (ਬ੍ਰਹਮਾ ਸ਼ਿਵ ਵਿਸ਼ਨੂੰ ਦੀਆਂ ਬੀਸੀਆਂ) ਹਨ ਤੇ ਸਾਰੇ ਤੀਰਥ-

ਤੇਰਾ ਸਚੁ ਨਾਮੁ ਪਰਮੇਸਰਾ ॥

ਹੇ ਪਰਮੇਸ਼ਰ! ਮੇਰੇ ਵਾਸਤੇ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਹੈ।

ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥

ਤੂੰ ਕਿਹੋ ਜਿਹਾ ਹੈਂ- ਇਹ ਗੱਲ ਸਮਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ।

ਅਣਜਾਣਤ ਨਾਮੁ ਵਖਾਣੀਐ ॥੩॥

ਇਹ ਸਮਝਣ ਦਾ ਜਤਨ ਕਰਨ ਤੋਂ ਬਿਨਾ ਹੀ (ਤੇਰੇ ਦਾਸਾਂ ਦਾ ਦਾਸ ਬਣ ਕੇ) ਤੇਰਾ ਨਾਮ ਸਿਮਰਨਾ ਚਾਹੀਦਾ ਹੈ ॥੩॥

ਨਾਨਕੁ ਵੇਚਾਰਾ ਕਿਆ ਕਹੈ ॥

(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ?

ਸਭੁ ਲੋਕੁ ਸਲਾਹੇ ਏਕਸੈ ॥

ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ)।

ਸਿਰੁ ਨਾਨਕ ਲੋਕਾ ਪਾਵ ਹੈ ॥

ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ।

ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

ਹੇ ਪ੍ਰਭੂ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ) ॥੪॥੨॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਬਸੰਤੁ
ਲਿਖਾਰੀ: ਗੁਰੂ ਨਾਨਕ ਦੇਵ ਜੀ
ਅੰਗ: 1168
ਲੜੀ ਸੰਃ: 9 - 14

ਰਾਗੁ ਬਸੰਤੁ

ਬਸੰਤ ਮੌਸਮ ਦੇ ਬਦਲਦੇ ਅਤੇ ਬਸੰਤ ਦੇ ਨਵੇਂ ਹੋਣ ਦਾ ਸੰਕੇਤ ਦਿੰਦਾ ਹੈ।