ਗੂਜਰੀ ਮਹਲਾ ੫ ॥

ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥

ਅਹੰਕਾਰ ਇਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ (ਇਸ ਰੋਗ ਤੋਂ ਉਸ ਵਡ-ਭਾਗੀ ਮਨੁੱਖ ਦੀ ਖ਼ਲਾਸੀ ਹੁੰਦੀ ਹੈ ਜਿਸ ਨੂੰ)

ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥੧॥

ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦੇ ਦਿੱਤਾ। ਪ੍ਰਭੂ ਦਾ ਨਾਮ ਜਗਤ ਦੇ ਮੂਲ-ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੈ ॥੧॥

ਮਨਿ ਤਨਿ ਬਾਛੀਐ ਜਨ ਧੂਰਿ ॥

ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੇਵਕਾਂ ਦੀ ਚਰਨ-ਧੂੜ (ਦੀ ਪ੍ਰਾਪਤੀ) ਦੀ ਤਾਂਘ ਕਰਦੇ ਰਹਿਣਾ ਚਾਹੀਦਾ ਹੈ,

ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥

(ਤੇ, ਪ੍ਰਭੂ ਚਰਨਾਂ ਵਿਚ ਅਰਦਾਸ ਕਰਨੀ ਚਾਹੀਦੀ ਹੈ) ਹੇ ਗੋਬਿੰਦ! (ਮੇਰੀ ਇਹ) ਤਾਂਘ ਪੂਰੀ ਕਰ (ਕਿਉਂਕਿ 'ਜਨ-ਧੂਰਿ' ਦੀ ਬਰਕਤਿ ਨਾਲ) ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ ॥੧॥ ਰਹਾਉ ॥

ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥

(ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ)।

ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥੨॥

ਆਤਮਕ ਮੌਤ ਦਾ (ਇਹ) ਜਾਲ ਗੁਰੂ ਦੇ ਦਿੱਤੇ ਗਿਆਨ (ਆਤਮਕ ਜੀਵਨ ਬਾਰੇ ਸਹੀ ਸੂਝ) ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਨਾਲ ਕੱਟਿਆ ਜਾਂਦਾ ਹੈ ॥੨॥

ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥

ਜੇਹੜੇ ਮਨੁੱਖ ਕਾਮ ਕ੍ਰੋਧ ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ।

ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥੩॥

ਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੂਨਾਂ ਵਿਚ ਭਟਕਣਾ ਮੁੱਕ ਜਾਂਦਾ ਹੈ ॥੩॥

ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥

ਮਿੱਤਰ, ਪੁੱਤਰ, ਇਸਤ੍ਰੀ ਰਿਸ਼ਤੇਦਾਰ (ਆਦਿਕਾਂ ਦੇ ਮੋਹ ਵਿਚ ਫਸਿਆਂ ਆਧਿ, ਵਿਆਧਿ, ਉਪਾਧਿ) ਤਿੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ।

ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥੪॥

ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਜਪ ਕੇ (ਆਪਣੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ ॥੪॥

ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥

("ਬਿਕਰਾਲ ਆਸਾ ਕੂਕਰੀ" ਦੇ ਪੰਜੇ ਵਿਚ ਫਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ "ਬਿਕਰਾਲ ਆਸਾ ਕੂਕਰੀ" ਪਾਸੋਂ) ਖ਼ਲਾਸੀ ਨਹੀਂ ਹੁੰਦੀ।

ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥੫॥੪॥੩੦॥

ਹੇ ਨਾਨਕ! (ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ ॥੫॥੪॥੩੦॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਗੂਜਰੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 502
ਲੜੀ ਸੰਃ: 6 - 11

ਰਾਗੁ ਗੂਜਰੀ

ਰਾਗ ਗੂਜਰੀ ਪੁਰਾਣਾ ਅਤੇ ਭਗਤੀ ਸ਼ਬਜ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਗੂਜਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਪੰਜਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀਆਂ ਕੁੱਲ 194 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।