ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੧੪॥
ਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ,
ਗੁਰੂ ਜਿਸ ਪਰਮਾਤਮਾ ਨੂੰ ਨੇੜੇ ਵਿਖਾ ਦੇਂਦਾ ਹੈ, ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ॥੧॥
ਪਉੜੀ
ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ।
ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ।
ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ।
ਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ।
(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ,
ਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ।
ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ,
ਹੇ ਨਾਨਕ! ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ॥੧੫॥
ਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ,
ਪਰ ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ॥੧॥
ਪਉੜੀ
ਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ,
(ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ,