ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਹੀ ਜਗਤ ਵਿਚ ਜੰਮਣਾ ਸਫਲ ਹੈ ॥੧॥
ਪਉੜੀ
(ਜਗਤ ਵਿਚ) ਉਸੇ ਮਨੁੱਖ ਦਾ ਆਉਣਾ ਨੇਪਰੇ ਚੜ੍ਹਿਆ ਜਾਣੋ, (ਜਗਤ ਵਿਚ ਉਹੀ) ਆਇਆ ਸਮਝੋ,
ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ।
(ਜੇਹੜੇ ਬੰਦੇ) ਗੁਰੂ ਦੀ ਹਜ਼ੂਰੀ ਵਿਚ ਆ ਟਿਕਦੇ ਹਨ,
ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ।
ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ,
ਜਿਸ ਉਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ।
(ਜਗਤ ਵਿਚ) ਉਸ ਮਨੁੱਖ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ,
ਹੇ ਨਾਨਕ! ਜੋ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ ॥੧੩॥
ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਪ੍ਰਭੂ ਤੋਂ ਲਾਂਭੇ) ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ,
ਮਾਇਆ ਦਾ ਲਾਲਚ (ਤੇ ਲਾਲਚ ਤੋਂ ਪੈਦਾ ਹੋਇਆ) ਦੁਖ ਕਲੇਸ਼ ਮਿਟ ਜਾਂਦਾ ਹੈ, ਹੇ ਨਾਨਕ! ਉਸ ਦੇ ਨਾਮ ਵਿਚ ਟਿਕੇ ਰਹੋ ॥੧॥
ਪਉੜੀ
(ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ,
ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ।
ਜਾ ਕੇ ਸੰਤਾਂ ਦੀ ਸਰਨੀ ਪਵੋ,
ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ।
ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ,
ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ।