ਉਹ ਮਨੁੱਖ ਵਿਸ਼ਿਆਂ ਦੇ ਸੁਆਦਾਂ ਨਾਲ ਚੰਬੜੇ ਰਹਿੰਦੇ ਹਨ, ਤੇ ਇਸ ਮਾਇਆ ਵਿਚ ਫਸ ਕੇ ਜਨਮ ਮਰਨ (ਦੇ ਗੇੜ ਵਿਚ ਪੈ ਜਾਂਦੇ ਹਨ।)
(ਪਰ ਜੀਵ ਦੇ ਕੀਹ ਵੱਸ?) ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ।
(ਆਪਣੀ ਚਤੁਰਾਈ ਨਾਲ) ਨਾਹ ਕੋਈ ਜੀਵ ਪੂਰਨ ਬਣ ਸਕਦਾ ਹੈ,
ਨਾਹ ਕੋਈ ਕਮਜ਼ੋਰ ਰਹਿ ਜਾਂਦਾ ਹੈ, ਨਾਹ ਕੋਈ (ਆਪਣੇ ਬਲ ਆਸਰੇ) ਸਿਆਣਾ ਹੋ ਗਿਆ ਹੈ, ਨਾਹ ਕੋਈ ਮੂਰਖ ਰਹਿ ਗਿਆ ਹੈ।
ਹੇ ਪ੍ਰਭੂ! ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਪ੍ਰੇਰਦਾ ਹੈਂ, ਉਧਰ ਉਧਰ ਹੀ ਇਹ ਲੱਗ ਪੈਂਦੇ ਹਨ।
ਹੇ ਨਾਨਕ! (ਕੈਸੀ ਅਚਰਜ ਖੇਡ ਹੈ! ਸਭ ਜੀਵਾਂ ਵਿਚ ਬੈਠ ਕੇ ਪਾਲਣਹਾਰ ਪ੍ਰਭੂ ਪ੍ਰੇਰਨਾ ਕਰ ਰਿਹਾ ਹੈ, ਫਿਰ ਭੀ) ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧੧॥
ਪਰਮਾਤਮਾ ਸਭ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੀ ਜਾਣਨ ਵਾਲਾ ਹੈ, ਵੱਡੇ ਜਿਗਰੇ ਵਾਲਾ ਹੈ, ਉਹ ਇਕ ਐਸਾ ਸਮੁੰਦਰ ਸਮਝੋ, ਜਿਸ ਦੀ ਹਾਥ ਨਹੀਂ ਪੈਂਦੀ। ਉਸ ਦਾ ਭੇਤ ਨਹੀਂ ਪੈ ਸਕਦਾ।
ਕੋਈ ਚਿੰਤਾ-ਫ਼ਿਕਰ ਉਸ ਦੇ ਨੇੜੇ ਨਹੀਂ ਢੁਕਦੇ। ਹੇ ਨਾਨਕ! ਉਸ ਵਰਗਾ ਕੋਈ ਹੋਰ ਦੂਜਾ ਨਹੀਂ ॥੧॥
ਪਉੜੀ
ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
(ਆਪਣੇ ਵਰਗਾ) ਉਹ ਆਪ ਹੀ ਆਪ ਹੈ (ਉਸ ਵਰਗਾ) ਹੋਰ ਕੋਈ ਨਹੀਂ।
ਸਦਾ ਤੋਂ ਹੀ ਉਹ ਪ੍ਰਭੂ ਹੋਂਦ ਵਾਲਾ ਚਲਿਆ ਆ ਰਿਹਾ ਹੈ,
ਕਿਸੇ ਨੇ ਉਸ (ਦੀ) ਹਸਤੀ ਦਾ ਅਖ਼ੀਰਲਾ ਬੰਨਾ ਨਹੀਂ ਲੱਭਾ।
ਕੀੜੀ ਤੋਂ ਲੈ ਕੇ ਹਾਥੀ ਤਕ ਸਭ ਵਿਚ ਪੂਰਨ ਤੌਰ ਤੇ ਪ੍ਰਭੂ ਵਿਆਪਕ ਹੈ।
ਉਹ ਸਰਬ-ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ।
ਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,
ਹੇ ਨਾਨਕ! ਉਹ ਬੰਦਾ ਗੁਰੂ ਦੀ ਸਰਨ ਪੈ ਕੇ ਸਦਾ ਉਸ ਨੂੰ ਜਪਦਾ ਹੈ ॥੧੨॥
ਹੇ ਨਾਨਕ! ਜੇਹੜੇ ਬੰਦੇ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਯਾਦ ਦਾ ਸੁਆਦ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਹੈ,