ਬਾਵਨ ਅਖਰੀ

(ਅੰਗ: 7)


ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥

(ਅਸੀਂ ਜੀਵ ਇਤਨੇ ਮਾਇਆ-ਗ੍ਰਸੇ ਹਾਂ ਕਿ ਸਾਡੇ ਕੀਤੇ ਕੁਕਰਮਾਂ ਦਾ) ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ, (ਪਾਣੀ ਨਾਲ ਧੋਤਿਆਂ) ਗਾਰੇ ਦੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ (ਹੋਰ ਹੋਰ ਗਾਰਾ ਬਣਦਾ ਜਾਇਗਾ)।

ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥

ਹੇ ਨਾਨਕ! (ਆਖ-) ਪ੍ਰਭੂ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਦੀ ਬੁੱਧੀ ਪਵਿਤ੍ਰ ਹੋ ਜਾਂਦੀ ਹੈ ॥੯॥

ਸਲੋਕੁ ॥

ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥

ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ।

ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥

ਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ) ਜੋ ਇਕ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਰੰਗ ਐਸਾ ਗੂੜ੍ਹਾ ਹੁੰਦਾ ਹੈ (ਕਿ ਮਜੀਠ ਦੇ ਰੰਗ ਵਾਂਗ ਕਦੇ ਉਤਰਦਾ ਹੀ ਨਹੀਂ) ॥੧॥

ਪਉੜੀ ॥

ਪਉੜੀ

ਰਾਰਾ ਰੰਗਹੁ ਇਆ ਮਨੁ ਅਪਨਾ ॥

(ਹੇ ਭਾਈ!) ਆਪਣੇ ਇਸ ਮਨ ਨੂੰ (ਪ੍ਰਭੂ-ਨਾਮ ਦੇ ਰੰਗ ਵਿਚ) ਰੰਗੋ!

ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥

ਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ।

ਰੇ ਰੇ ਦਰਗਹ ਕਹੈ ਨ ਕੋਊ ॥

(ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ,

ਆਉ ਬੈਠੁ ਆਦਰੁ ਸੁਭ ਦੇਊ ॥

(ਸਗੋਂ) ਚੰਗਾ ਆਦਰ ਮਿਲੇਗਾ (ਕਹਿਣਗੇ)-ਆਓ ਬੈਠੋ!

ਉਆ ਮਹਲੀ ਪਾਵਹਿ ਤੂ ਬਾਸਾ ॥

(ਹੇ ਭਾਈ!) ਜੇ ਤੂੰ ਨਾਮ ਵਿਚ ਮਨ ਰੰਗ ਲਏ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਮਿਲ ਜਾਏਗਾ,

ਜਨਮ ਮਰਨ ਨਹ ਹੋਇ ਬਿਨਾਸਾ ॥

ਨਾਹ ਜਨਮ ਮਰਨ ਦਾ ਗੇੜ ਰਹਿ ਜਾਏਗਾ, ਤੇ ਨਾਹ ਹੀ ਕਦੇ ਆਤਮਕ ਮੌਤ ਹੋਵੇਗੀ।

ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥

ਪਰ ਧੁਰੋਂ ਹੀ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ (ਉੱਘੜਦਾ) ਹੈ,

ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥

ਹੇ ਨਾਨਕ! ਉਸ ਦੇ ਹੀ ਹਿਰਦੇ-ਘਰ ਵਿਚ ਇਹ ਨਾਮ-ਧਨ ਇਕੱਠਾ ਹੁੰਦਾ ਹੈ ॥੧੦॥

ਸਲੋਕੁ ॥

ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥

ਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ,

ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥

ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ॥੧॥

ਪਉੜੀ ॥

ਪਉੜੀ

ਲਲਾ ਲਪਟਿ ਬਿਖੈ ਰਸ ਰਾਤੇ ॥

ਜੇਹੜੇ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ,

ਅਹੰਬੁਧਿ ਮਾਇਆ ਮਦ ਮਾਤੇ ॥

ਜਿਨ੍ਹਾਂ ਦੀ ਬੁਧਿ ਉਤੇ ਹਉਮੈ ਦਾ ਪਰਦਾ ਪੈ ਜਾਂਦਾ ਹੈ।