ਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ। ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ॥੧॥
ਪਉੜੀ
(ਜੀਵਾਂ ਪਾਸੋਂ ਚੰਗੇ ਮੰਦੇ ਕੰਮ) ਕਰਾਵਣ ਵਾਲਾ ਪ੍ਰਭੂ ਸਿਰਫ਼ ਆਪ ਹੀ ਹੈ,
ਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ।
ਇਸ ਮਨੁੱਖਾ ਜਨਮ ਵਿਚ (ਭਾਵ, ਜਨਮ ਦੇ ਕੇ) ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ (ਉਧਰ ਹੀ ਜੀਵ ਲੱਗਦੇ ਹਨ),
ਜੇਹੜੀ (ਮਤਿ) ਪ੍ਰਭੂ ਆਪ ਜੀਵਾਂ ਨੂੰ ਦੇਂਦਾ ਹੈ, ਉਹੀ ਉਹ ਗ੍ਰਹਣ ਕਰਦੇ ਹਨ।
ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ,
(ਜਗਤ ਵਿਚ) ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ।
ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਤੋਂ ਹੀ ਖਿਲਰਿਆ ਹੈ,
ਹੇ ਨਾਨਕ! ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹੇ ਪਾਣ ਵਾਲਾ ਹੈ ॥੮॥
(ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ)।
ਹੇ ਨਾਨਕ! (ਆਖ-) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ॥੧॥
ਪਉੜੀ
ਹੇ ਮੇਰੇ ਮਨ! ਪ੍ਰਭੂ ਤੋਂ ਬਿਨਾ ਹੋਰ ਜਿਥੇ ਜਿਥੇ ਪ੍ਰੇਮ ਪਾਏਂਗਾ, ਉਥੇ ਉਥੇ ਮਾਇਆ ਦੇ ਬੰਧਨ ਪੈਣਗੇ।
ਹਰੀ ਤੋਂ ਵਿੱਛੁੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਭੀ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਾਹ ਹੋ ਸਕੇ।
(ਤੀਰਥ, ਦਾਨ ਆਦਿਕ) ਕਰਮਾਂ ਦੇ ਪ੍ਰੇਮੀ (ਇਹ ਕਰਮ ਕਰ ਕੇ, ਇਹਨਾਂ ਦੇ ਕੀਤੇ ਦਾ) ਮਾਣ ਕਰਦੇ ਫਿਰਦੇ ਹਨ, ਇਸ ਹਉਮੈ ਦਾ ਭਾਰ ਭੀ ਅਸਹਿ ਹੁੰਦਾ ਹੈ,
ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤਾਂ ਇਹ ਕਰਮ ਵਿਕਾਰ-ਰੂਪ ਹੋ ਜਾਂਦੇ ਹਨ।
ਮਿੱਠੀ ਮਾਇਆ ਦੇ ਕੌਤਕਾਂ ਵਿਚ (ਫਸ ਕੇ ਜੀਵ) ਜਮ ਦੀ ਫਾਹੀ ਵਿਚ ਬੱਝ ਜਾਂਦੇ ਹਨ।
ਭਟਕਣਾ ਵਿਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ।