ਬਾਵਨ ਅਖਰੀ

(ਅੰਗ: 5)


ਗਰਭ ਕੁੰਟ ਮਹਿ ਉਰਧ ਤਪ ਕਰਤੇ ॥

(ਇਹ ਆਮ ਪਰਚਲਤ ਖ਼ਿਆਲ ਹੈ ਕਿ) ਜੀਵ ਮਾਂ ਦੇ ਪੇਟ ਵਿਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ,

ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥

ਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ।

ਉਰਝਿ ਪਰੇ ਜੋ ਛੋਡਿ ਛਡਾਨਾ ॥

(ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ) ਜਿਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ, ਉਸ ਵਿਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ,

ਦੇਵਨਹਾਰੁ ਮਨਹਿ ਬਿਸਰਾਨਾ ॥

ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ।

ਧਾਰਹੁ ਕਿਰਪਾ ਜਿਸਹਿ ਗੁਸਾਈ ॥

ਹੇ ਮਾਲਕ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ,

ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥

ਹੇ ਨਾਨਕ! (ਆਖ-) ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿਚ ਕਦੇ ਨਹੀਂ ਵਿਸਰਦਾ ॥੬॥

ਸਲੋਕੁ ॥

ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥

ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ। ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ।

ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥

ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ॥੧॥

ਪਉੜੀ ॥

ਪਉੜੀ

ਏਊ ਜੀਅ ਬਹੁਤੁ ਗ੍ਰਭ ਵਾਸੇ ॥

ਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ,

ਮੋਹ ਮਗਨ ਮੀਠ ਜੋਨਿ ਫਾਸੇ ॥

ਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ।

ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥

ਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ।

ਆਪਨ ਮੋਹ ਘਟੇ ਘਟਿ ਦੀਨੇ ॥

ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ।

ਏ ਸਾਜਨ ਕਛੁ ਕਹਹੁ ਉਪਾਇਆ ॥

ਹੇ ਸੱਜਣ! ਕੋਈ ਐਸਾ ਇਲਾਜ ਦੱਸ,

ਜਾ ਤੇ ਤਰਉ ਬਿਖਮ ਇਹ ਮਾਇਆ ॥

ਜਿਸ ਨਾਲ ਮੈਂ ਇਸ ਔਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ।

ਕਰਿ ਕਿਰਪਾ ਸਤਸੰਗਿ ਮਿਲਾਏ ॥

ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚ ਮਿਲਾਂਦਾ ਹੈ,

ਨਾਨਕ ਤਾ ਕੈ ਨਿਕਟਿ ਨ ਮਾਏ ॥੭॥

ਹੇ ਨਾਨਕ! (ਆਖ-) ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ॥੭॥

ਸਲੋਕੁ ॥

ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥

(ਹਰੇਕ ਜੀਵ ਵਿਚ ਬੈਠ ਕੇ) ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਕਰ ਰਿਹਾ ਹੈ (ਪ੍ਰਭੂ ਨੇ ਆਪ ਕੀਤੇ ਹਨ)।