ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਾਵਨ-ਅਖੱਰੀ' (੫੨ ਅੱਖਰਾਂ ਵਾਲੀ ਬਾਣੀ)।
ਗੁਰੂ ਹੀ ਮਾਂ ਹੈ, ਗੁਰੂ ਹੀ ਪਿਉ ਹੈ (ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ), ਗੁਰੂ ਮਾਲਕ-ਪ੍ਰਭੂ ਦਾ ਰੂਪ ਹੈ।
ਗੁਰੂ (ਮਾਇਆ ਦੇ ਮੋਹ ਦਾ) ਹਨੇਰਾ ਨਾਸ ਕਰਨ ਵਾਲਾ ਮਿੱਤਰ ਹੈ, ਗੁਰੂ ਹੀ (ਤੋੜ ਨਿਭਣ ਵਾਲਾ) ਸੰਬੰਧੀ ਤੇ ਭਰਾ ਹੈ।
ਗੁਰੂ (ਅਸਲੀ) ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ, ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ (ਕੋਈ ਵਿਕਾਰ ਆਦਿਕ) ਗਵਾ ਨਹੀਂ ਸਕਦਾ।
ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ, ਗੁਰੂ ਇਕ ਐਸਾ ਪਾਰਸ ਹੈ ਜਿਸ ਦੀ ਛੋਹ ਪਾਰਸ ਦੀ ਛੋਹ ਨਾਲੋਂ ਸ੍ਰੇਸ਼ਟ ਹੈ।
ਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ।
ਗੁਰੂ ਕਰਤਾਰ ਦਾ ਰੂਪ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਗੁਰੂ ਵਿਕਾਰੀ ਬੰਦਿਆਂ (ਦੇ ਹਿਰਦੇ) ਨੂੰ ਪਵਿੱਤਰ ਕਰਨ ਵਾਲਾ ਹੈ।
ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੂਰੂ ਤੋਂ ਹੀ ਹਰੇਕ ਜੁਗ ਵਿਚ (ਪਰਮਾਤਮਾ ਦੇ ਨਾਮ ਦਾ ਉਪਦੇਸ਼-ਦਾਤਾ) ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਮੰਤ੍ਰ ਜਪ ਕੇ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ।
ਹੇ ਪ੍ਰਭੂ! ਮਿਹਰ ਕਰ, ਸਾਨੂੰ ਗੁਰੂ ਦੀ ਸੰਗਤਿ ਦੇਹ, ਤਾ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤਿ ਵਿਚ (ਰਹਿ ਕੇ) ਤਰ ਜਾਈਏ।
ਗੁਰੂ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ। ਹੇ ਨਾਨਕ! ਹਰੀ ਦੇ ਰੂਪ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ ॥੧॥
ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ।
ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ॥੧॥
ਪਉੜੀ
ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ,
ਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ।
(ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ,
ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।