ਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,
ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ।
ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।
ਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ॥੧॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ।
ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥ ਰਹਾਉ ॥
ਸਲੋਕ
ਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ। ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ।
ਹੇ ਨਾਨਕ! ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, (ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ) ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਕ ਆਪ ਹੀ ਆਪ ਹੈ ॥੧॥
ਪਉੜੀ
ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ-ਰਚਨਾ ਕੀਤੀ ਹੈ।
ਸਾਰੇ ਜੀਵ-ਜੰਤਾਂ ਨੂੰ ਆਪਣੇ ਇਕੋ ਹੀ ਹੁਕਮ-ਧਾਗੇ ਵਿਚ ਪ੍ਰੋ ਰੱਖਣ ਦੇ ਸਮਰੱਥ ਹੈ।
ਪ੍ਰਭੂ ਨੇ ਮਾਇਆ ਦੇ ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ।
ਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿੱਸਦਾ ਜਗਤ ਰਚਿਆ ਹੈ।
ਹੇ ਪ੍ਰਭੂ! ਤੂੰ ਸਾਰੀਆਂ (ਅਨੇਕਾਂ) ਕਿਸਮਾਂ ਬਣਾ ਕੇ ਜਗਤ-ਉਤਪੱਤੀ ਕੀਤੀ ਹੈ।
ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਭੀ ਤੂੰ ਹੀ ਵਧਾਇਆ ਹੈ,
ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈਂ।
ਹੇ ਨਾਨਕ! (ਆਖ-) ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨॥
ਸਲੋਕ
(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ।