ਬਾਵਨ ਅਖਰੀ

(ਅੰਗ: 3)


ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥

ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ॥੧॥

ਪਵੜੀ ॥

ਪਵੜੀ

ਸਸਾ ਸਤਿ ਸਤਿ ਸਤਿ ਸੋਊ ॥

ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ,

ਸਤਿ ਪੁਰਖ ਤੇ ਭਿੰਨ ਨ ਕੋਊ ॥

ਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ।

ਸੋਊ ਸਰਨਿ ਪਰੈ ਜਿਹ ਪਾਯੰ ॥

ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ।

ਸਿਮਰਿ ਸਿਮਰਿ ਗੁਨ ਗਾਇ ਸੁਨਾਯੰ ॥

ਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ।

ਸੰਸੈ ਭਰਮੁ ਨਹੀ ਕਛੁ ਬਿਆਪਤ ॥

ਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ।)

ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ ॥

ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ।

ਸੋ ਸਾਧੂ ਇਹ ਪਹੁਚਨਹਾਰਾ ॥

ਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ।

ਨਾਨਕ ਤਾ ਕੈ ਸਦ ਬਲਿਹਾਰਾ ॥੩॥

ਹੇ ਨਾਨਕ! (ਆਖ)-ਮੈਂ ਉਸ ਤੋਂ ਸਦਾ ਸਦਕੇ ਹਾਂ ॥੩॥

ਸਲੋਕੁ ॥

ਸਲੋਕ

ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥

(ਹੇ ਭਾਈ!) ਕਿਉਂ ਹਰ ਵੇਲੇ ਧਨ ਇਕੱਠਾ ਕਰਨ ਲਈ ਹੀ ਕੂਕਦੇ ਰਹਿੰਦੇ ਹੋ? ਮਾਇਆ ਦਾ ਮੋਹ ਤਾਂ ਝੂਠਾ ਹੀ ਹੈ (ਇਸ ਧਨ ਨੇ ਸਦਾ ਨਾਲ ਨਹੀਂ ਨਿਭਣਾ)।

ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥

ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ॥੧॥

ਪਵੜੀ ॥

ਪਵੜੀ

ਧਧਾ ਧੂਰਿ ਪੁਨੀਤ ਤੇਰੇ ਜਨੂਆ ॥

ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ।

ਧਨਿ ਤੇਊ ਜਿਹ ਰੁਚ ਇਆ ਮਨੂਆ ॥

ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ।

ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥

(ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ,

ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥

ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ।

ਧੰਧੇ ਕਹਾ ਬਿਆਪਹਿ ਤਾਹੂ ॥

ਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ,

ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥

ਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ।