ਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ,
ਹੇ ਨਾਨਕ! ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ ॥੪॥
ਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
ਨਾਨਕ ਆਖਦਾ ਹੈ- ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥
ਪਉੜੀ
ਨਿਰੀਆਂ ਮੂੰਹ ਦੀਆਂ ਗੱਲਾਂ ਨਾਲ,
ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ।
ਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ।
ਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ।
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ।
ਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।
ਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥
ਜਗਤ ਵਿਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ)।
ਹੇ ਨਾਨਕ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ ॥੧॥
ਪਉੜੀ
ਮਨੁੱਖ ਇਸ ਜਨਮ ਵਿਚ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ,
ਪਰ ਜੰਮਦਿਆਂ ਹੀ ਇਸ ਨੂੰ ਠਗਣੀ ਮਾਇਆ ਠੱਗ ਲੈਂਦੀ ਹੈ।