ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, ਤੀਰਥਾਂ ਦਾ ਇਸ਼ਨਾਨ ਕਰਦਾ ਹੋਵੇ,
(ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ,
ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ,
ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ।
ਉਸ ਮਨੁੱਖ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ,
ਹੇ ਨਾਨਕ! (ਆਖ) ਜਿਸ ਦੇ ਮਨ ਵਿਚ ਪ੍ਰਭੂ ਜੀ ਨਹੀਂ ਵੱਸਦੇ ॥੧੬॥
ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚਹੁੰ ਤਰਫ਼ਾਂ ਵਿਚ ਦਸਾਂ ਦਿਸ਼ਾਂ ਵਿਚ ਭਟਕਦੇ ਹਨ।
ਹੇ ਨਾਨਕ! ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ ॥੧॥
ਪਵੜੀ
ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬਬ ਬਣਾਣ ਵਾਲਾ ਹੈ।
ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ।
ਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ।
ਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ।)
ਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ,
ਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ।
ਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ।
ਹੇ ਨਾਨਕ! ਜੋ ਕੁਝ ਉਹ ਜੀਵਾਂ ਨੂੰ ਦੇਂਦਾ ਹੈ, ਉਹੀ ਉਹਨਾਂ ਨੂੰ ਮਿਲਦਾ ਹੈ ॥੧੭॥
(ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਪਾਸ ਸਿਫ਼ਤ-ਸਾਲਾਹ ਦੇ ਇਤਨੇ ਖ਼ਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ) ਉਹ ਉਹਨਾਂ ਖ਼ਜ਼ਾਨਿਆਂ ਨੂੰ ਖਾਂਦੇ ਖ਼ਰਚਦੇ ਮਾਣਦੇ ਹਨ, ਪਰ ਉਹ ਕਦੇ ਮੁੱਕਦੇ ਨਹੀਂ ਹਨ,