ਹੇ ਨਾਨਕ! (ਅਜਿਹੇ) ਅਨੇਕਾਂ ਜੀਵ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧॥
ਪਉੜੀ
ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ।
ਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ।
ਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ।
ਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ)।
ਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ।
ਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ।
ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ ॥੧੮॥
(ਹੇ ਭਾਈ!) ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ (ਆਪੋ ਆਪਣੀ ਵਾਰੀ ਇਥੋਂ) ਤੁਰ ਜਾਇਗਾ (ਫਿਰ ਨਾਸਵੰਤ ਦੀਆਂ ਆਸਾਂ ਕਿਉਂ?)
ਹੇ ਨਾਨਕ! ਪ੍ਰਭੂ ਦਾ ਨਾਮ ਮਨੁੱਖ ਦੇ ਮਨ ਨੂੰ (ਆਸਾਂ ਆਦਿਕ ਦੇ) ਰੋਗ ਤੋਂ ਬਚਾ ਲੈਂਦਾ ਹੈ, ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ ॥੧॥
ਪਉੜੀ
(ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ,
(ਵੇਖਣਾ) ਢਿੱਲ ਨ ਕਰਨੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ।
ਬਾਲਪਨ ਹੋਵੇ, ਜੁਆਨੀ ਹੋਵੇ ਬੁਢੇਪਾ ਹੋਵੇ (ਮੌਤ ਨੂੰ ਆਉਣ ਤੋਂ ਕਿਸੇ ਵੇਲੇ ਭੀ) ਕੋਈ ਰੁਕਾਵਟ ਨਹੀਂ ਹੈ।
ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ।
ਵੇਖੋ! ਗਿਆਨਵਾਨ ਹੋਣ, ਸੁਰਤ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ।
ਮੂਰਖ ਹੀ ਉਹਨਾਂ ਪਦਾਰਥਾਂ ਨੂੰ ਜੱਫਾ ਮਾਰਦੇ ਹਨ ਜਿਨ੍ਹਾਂ ਨੂੰ (ਆਪੋ ਆਪਣੀ ਵਾਰੀ) ਸਾਰੀ ਲੋਕਾਈ ਛੱਡ ਗਈ।