ਜਿਸ ਮਨੁੱਖ ਦੇ ਮੱਥੇ ਉਤੇ ਭਾਗਾਂ ਦਾ ਲੇਖ ਉੱਘੜੇ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ।
ਹੇ ਨਾਨਕ! ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ (ਖਸਮਾਨਾ) ਨਸੀਬ ਹੈ, ਉਹਨਾਂ ਦਾ ਹੀ ਜਗਤ ਵਿਚ ਆਉਣਾ ਮੁਬਾਰਿਕ ਹੈ ॥੧੯॥
ਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ।
ਹੇ ਨਾਨਕ! ਇਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ ॥੧॥
ਪਉੜੀ
(ਹੇ ਭਾਈ!) ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,
ਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ। ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ।
ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ।
ਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ।
ਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ।
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
ਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮ੍ਰਿਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ)
ਹੇ ਨਾਨਕ! ਜਿਸ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦੇ ਦਿੱਤੀ ॥੨੦॥
(ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ।
ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥੧॥
ਪਉੜੀ
ਮੌਤ ਦਾ ਡਰ ਉਹਨਾਂ ਬੰਦਿਆਂ ਨੂੰ ਗ੍ਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ,
ਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਹ ਪਛਾਣਿਆ, ਤੇ ਉਹ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।