(ਮੌਤ ਦਾ ਸਹਮ ਲਾਹ ਕੇ) ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ, ਪ੍ਰਭੂ ਵਿਚ ਸੁਰਤ ਉਹਨਾਂ ਨੇ ਹੀ ਜੋੜੀ,
ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਦਾਤ ਦਿੱਤੀ।
ਸੋਚਾਂ ਸੋਚਿਆਂ (ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ।
(ਇਹ ਸਰੀਰ) ਕੱਚਾ ਘੜਾ ਹੈ ਇਸ ਨੇ ਜ਼ਰੂਰ ਟੁੱਟਣਾ ਹੈ।
(ਕੋਈ ਲੰਮੀ ਉਮਰ ਜੀਊ ਗਿਆ, ਕੋਈ ਥੋੜੀ) ਉਸੇ ਨੂੰ ਹੀ ਜੀਊਂਦਾ ਸਮਝੋ ਜਿਸ ਨੇ ਜੀਊਂਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ,
ਹੇ ਨਾਨਕ! ਸਿਮਰਨ ਕਰਨ ਵਾਲਾ ਮਨੁੱਖ ਲੁਕਿਆ ਨਹੀਂ ਰਹਿੰਦਾ, ਜਗਤ ਵਿਚ ਨਾਮਣਾ ਭੀ ਖੱਟਦਾ ਹੈ ॥੨੧॥
(ਮੈਂ ਤਾਂ ਆਪਣੇ) ਚਿਤ ਵਿਚ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ (ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ) ਉਲਟਿਆ ਮਨ ਕੌਲ ਫੁੱਲ ਵਾਂਗ ਖਿੜ ਪੈਂਦਾ ਹੈ।
ਹੇ ਨਾਨਕ! ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿਚ ਆ ਪਰਗਟਦਾ ਹੈ ॥੧॥
ਪਉੜੀ
ਜਦੋਂ (ਕਿਸੇ ਜੀਵ ਦਾ ਮੱਥਾ) ਗੁਰੂ ਦੇ ਸੋਹਣੇ ਚਰਨਾਂ ਤੇ ਲੱਗੇ,
ਉਹ ਦਿਨ ਭਾਗਾਂ ਵਾਲੇ, ਉਹ ਸਮਾ ਭਾਗਾਂ ਵਾਲਾ ਸਮਝੋ।
(ਪ੍ਰਭੂ ਦੀ ਦੀਦਾਰ ਦੀ ਖ਼ਾਤਰ, ਜੀਵ) ਚੌਹੀਂ ਤਰਫ਼ੀਂ ਦਸੀਂ ਪਾਸੀਂ ਭੀ ਭਟਕ ਆਵੇ (ਤਦ ਭੀ ਸਫਲਤਾ ਨਹੀਂ ਹੁੰਦੀ।)
ਦੀਦਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਦੀ ਮਿਹਰ ਹੋਵੇ। (ਤੇ ਮਿਹਰ ਹੋਇਆਂ ਗੁਰੂ ਦੀ ਸੰਗਤਿ ਮਿਲਦੀ ਹੈ)।
ਵਿਚਾਰ ਸੁਅੱਛ ਹੋ ਜਾਂਦੇ ਹਨ, ਮਾਇਆ ਦਾ ਪਿਆਰ ਸਾਰਾ ਹੀ ਮੁੱਕ ਜਾਂਦਾ ਹੈ।
ਗੁਰੂ ਦੀ ਸੰਗਤਿ ਵਿਚ ਮਨ ਪਵਿਤ੍ਰ ਹੋ ਜਾਂਦਾ ਹੈ।
ਉਸ ਨੂੰ (ਹਰ ਥਾਂ) ਇਕ ਪਰਮਾਤਮਾ ਦਾ ਹੀ ਦਰਸਨ ਹੁੰਦਾ ਹੈ, ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦੇਂਦਾ ਹੈ (ਤੇ ਇਕ ਪਰਮਾਤਮਾ ਦਾ ਹੀ ਚਿਤਵਨ ਕਰਦਾ ਹੈ),
ਹੇ ਨਾਨਕ! ਜਿਸ ਦੀਆਂ ਅੱਖਾਂ ਵਿਚ (ਗੁਰੂ ਦੀ ਬਖ਼ਸ਼ੀ) ਸੂਝ ਦਾ ਸੁਰਮਾ ਪੈਂਦਾ ਹੈ ॥੨੨॥
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ,