ਹੇ ਪ੍ਰਭੂ! ਮੇਰੇ ਤੇ ਅਜੇਹੀ ਮਿਹਰ ਕਰ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੧॥
ਪਉੜੀ
ਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ)
ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ)।
ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ,
ਹੇ ਭਗਵਾਨ! ਆਪਣੀ ਅਜਿਹੀ ਮਿਹਰ ਕਰ।
ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ,
ਸੰਤ ਜਨਾਂ ਦਾ ਆਸਰਾ ਫੜ।
ਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ,
ਹੇ ਨਾਨਕ! ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨੩॥
ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ।
ਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥
ਪਉੜੀ
ਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,
ਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।
ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,
ਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।
ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,
ਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ)।