ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ,
ਹੇ ਨਾਨਕ! ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥
(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ।
ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਹੇ ਨਾਨਕ! (ਆਖ) ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥
(ਹੇ ਵਣਜਾਰੇ ਜੀਵ!) ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ,
ਤੂੰ ਪਰਮਾਤਮਾ ਦੇ ਨਾਮ ਨਾਲ ਵਣਜ ਕਰ।
ਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ,
ਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ।
ਹੇ ਭਾਈ! ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ,
ਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਸੁਣ।
ਉਸ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ
ਹੇ ਨਾਨਕ! ਜਿਸ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ) ॥੨੫॥
ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ।
ਹੇ ਨਾਨਕ! (ਆਖ-) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥
ਪਉੜੀ
(ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;
ਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।