ਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?
ਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।
ਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।
(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।
ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ)
ਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥
ਉਸ ਮਨੁੱਖ ਦੇ ਉਹ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਮਨੁੱਖ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ
ਹੇ ਨਾਨਕ! ਜਿਸ ਦੇ ਮਨ ਤੋਂ ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ॥੧॥
ਪਉੜੀ
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।
ਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।
ਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।
ਤੇ, ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।
ਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।
ਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ)।
ਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਹੇ ਨਾਨਕ! (ਆਖ-) ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ ॥੨੭॥
(ਹੇ ਪ੍ਰਭੂ!) ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ (ਕੋਈ ਵਿਕਾਰ ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਜੁੜਨ ਤੋਂ ਰੋਕ ਨਹੀਂ ਸਕਦਾ)।