ਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ,
ਉਸ ਦੇ ਅੱਗੇ (ਜਜਮਾਨ) ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ।
(ਬ੍ਰਾਹਮਣ) ਸੁੱਚਾ ਹੋ ਕੇ ਉਸ (ਸੁੱਚੇ) ਭੋਜਨ ਨੂੰ ਖਾਂਦਾ ਹੈ, ਤੇ (ਖਾ ਕੇ) ਸਲੋਕ ਪੜ੍ਹਨ ਲੱਗ ਪੈਂਦਾ ਹੈ;
(ਪਰ ਇਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਭਾਵ ਢਿੱਡ ਵਿਚ) ਪਾ ਲੈਂਦਾ ਹੈ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਸੁੱਟਣ ਦਾ) ਦੋਸ਼ ਕਿਸ ਤੇ ਆਇਆ?
ਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਭਾਵ, ਪਵਿੱਤਰ ਪਦਾਰਥ ਹਨ),
ਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ। ਤਾਂ (ਭਾਵ, ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ।
ਪਰ ਦੇਵਤਿਆਂ ਦੇ ਇਸ ਸਰੀਰ ਨੂੰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ।
ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ,
ਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ (ਭੀ) ਫਿਟਕਾਰਾਂ ਪੈਂਦੀਆਂ ਹਨ ॥੧॥
ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ।
ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ।
ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ।
ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।
ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ।
ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ।
(ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ।
ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ ॥੨॥
ਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ, ਭਾਵ, ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ।