ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ);
(ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ);
(ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ;
ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ॥੨॥
ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ।
(ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ।
(ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ।
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ ॥੩॥
ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ।
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ,
ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ।
ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ।
ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ॥੧੮॥
ਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ,
ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ,
ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ।
ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥