ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।
ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ।
ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ।
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, (ਦਾਸ ਨਾਨਕ ਦਾ) ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ ॥੧॥
ਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। 'ਵਾਰ' ਸਲੋਕਾਂ ਸਮੇਤ, ਵਾਰ ਤੇ ਸਲੋਕ ਵੀ ਗੁਰੂ ਨਾਨਕ ਦੇ ਹਨ।
(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ)।
ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ,
ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ॥੧॥
ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ,
ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ ॥੨॥
ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ,
ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ।
ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ,
ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ ॥੩॥