ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।
ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।
(ਹੇ ਪ੍ਰਭੂ!) ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ। (ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ।
ਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)।
ਤੂੰ (ਕੁਦਰਤ ਵਿਚ) ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈਂ ॥੧॥
ਪ੍ਰਭੂ-ਚਰਨਾਂ ਵਿਚ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਨੇ ਮੇਰਾ ਮਨ ਵਿੰਨ੍ਹ ਲਿਆ ਹੈ ਜਿਵੇਂ ਤ੍ਰਿੱਖੀ ਨੋਕ ਵਾਲੇ ਤੀਰ (ਕਿਸੇ ਚੀਜ਼ ਨੂੰ) ਵਿੰਨ੍ਹ ਲੈਂਦੇ ਹਨ।
ਜਿਸ ਮਨੁੱਖ ਦੇ ਅੰਦਰ ਪ੍ਰਭੂ ਪ੍ਰੇਮ ਦੀ ਪੀੜ ਉੱਠਦੀ ਹੈ ਉਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਸਹਾਰਿਆ ਜਾ ਸਕਦਾ ਹੈ।
ਜੇਹੜਾ ਮਨੁੱਖ ਮਾਇਆ ਦੇ ਮੋਹ ਵਲੋਂ ਅਛੋਹ ਹੋ ਕੇ ਆਤਮਕ ਜੀਵਨ ਜੀਊਂਦਾ ਹੈ ਉਹ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ।
ਹੇ ਦਾਸ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਿਲਾ, ਤਾ ਕਿ ਮੈਂ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਸਕਾਂ ਜਿਸ ਨੂੰ ਤਰਨਾ ਔਖਾ ਹੈ ॥੨॥
ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ)।
ਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ;
ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ।
ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ,
ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ।
ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ।
ਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ-ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ)।
(ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ)।
ਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ;