ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ।
ਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ;
ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ॥੧॥
ਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ।
ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ।
ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ।
ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ,
ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ।
ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ,
(ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ।
ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ,
ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ ॥੨॥
ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ।
ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ।
ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।
ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ।
ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ ॥੩॥