ਆਸਾ ਕੀ ਵਾਰ

(ਅੰਗ: 4)


ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ।

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥

ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ।

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੑੈ ਦੋਜਕਿ ਚਾਲਿਆ ॥

ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ।

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥

(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।

ਲਿਖਿ ਨਾਵੈ ਧਰਮੁ ਬਹਾਲਿਆ ॥੨॥

(ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ ॥੨॥

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥

ਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ।

ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥

ਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।

ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥

ਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ।

ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥

ਹੇ ਨਾਨਕ! (ਆਖ-) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ॥੩॥

ਸਲੋਕ ਮਃ ੧ ॥

ਵਿਸਮਾਦੁ ਨਾਦ ਵਿਸਮਾਦੁ ਵੇਦ ॥

ਕਈ ਨਾਦ ਤੇ ਕਈ ਵੇਦ;

ਵਿਸਮਾਦੁ ਜੀਅ ਵਿਸਮਾਦੁ ਭੇਦ ॥

ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ;

ਵਿਸਮਾਦੁ ਰੂਪ ਵਿਸਮਾਦੁ ਰੰਗ ॥

ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ

ਵਿਸਮਾਦੁ ਨਾਗੇ ਫਿਰਹਿ ਜੰਤ ॥

ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥

ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,

ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥

ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ;

ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥

ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ

ਵਿਸਮਾਦੁ ਸਾਦਿ ਲਗਹਿ ਪਰਾਣੀ ॥

ਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।

ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥

ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ;

ਵਿਸਮਾਦੁ ਭੁਖ ਵਿਸਮਾਦੁ ਭੋਗੁ ॥

ਕਿਤੇ ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),