ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ,
ਕਿਤੇ ਔਝੜ ਹੈ, ਕਿਤੇ ਰਸਤੇ ਹਨ-ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।
(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ;
(ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ-ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ।
(ਰੱਬ ਦੀ) ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।
ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ॥੧॥
(ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ।
ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।
ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ;
(ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।
ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ,
(ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ-ਇਹ ਤੇਰਾ ਅਚਰਜ ਕੌਤਕ ਹੈ।
ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ।
(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।
ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ॥੨॥
ਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ)। (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ।
(ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ')।
ਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ ੨) ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।