(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।
ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ ॥੩॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ।
ਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ। ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ)।
ਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ।
ਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੮॥੧੫॥
ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ।
ਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ।
ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ।
ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।
ਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)।
ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।
ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ,
ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।
ਸਿੱਧ, ਬੁਧ, ਦੇਵਤੇ ਤੇ ਨਾਥ-ਸਾਰੇ ਰੱਬ ਦੇ ਭੈ ਵਿਚ ਹਨ।
ਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ।
ਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ।
ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ।
ਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ।