ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ।
ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ॥੨॥
ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ,
ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ,
ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ।
ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ,
ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ॥੧੭॥
ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ।
ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ।
ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ।
ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥
ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ;
ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ);
ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ।
ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ।
ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ।
ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ॥੧॥