ਆਸਾ ਕੀ ਵਾਰ

(ਅੰਗ: 28)


ਸੁਚਿ ਹੋਵੈ ਤਾ ਸਚੁ ਪਾਈਐ ॥੨॥

ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ ॥੨॥

ਪਉੜੀ ॥

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥

ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ।

ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥

ਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ।

ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥

ਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ), (ਉਸ ਦੀ ਰਚੀ ਹੋਈ) ਸ੍ਰਿਸ਼ਟੀ ਭੀ ਬੇਅੰਤ ਹੈ। (ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥

ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ;

ਦਰਿ ਮੰਗਨਿ ਭਿਖ ਨ ਪਾਇਦਾ ॥੧੬॥

(ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ ॥੧੬॥

ਆਸਾ ਮਹਲਾ ੪ ॥

ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ।

ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥

ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।

ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥

ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ।

ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

ਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥

ਸਲੋਕੁ ਮਃ ੧ ॥

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥

ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ,

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥

ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)।

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥

(ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ।

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥

ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ॥੧॥

ਮਃ ੧ ॥

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥

ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ),

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥

ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ।