ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ।
ਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ (ਪੈ ਕੇ) ਖਪੀਏ?
ਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ,
ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ ॥੧੯॥
ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।
ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ।
ਨਾਨਕ ਆਖਦਾ ਹੈ- ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥
ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ)।
ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।
ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ।
(ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ॥੧॥
ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ,
ਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ।
ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ;
ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ)।
ਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ);
ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ।