ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।
(ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ;
ਹੇ ਨਾਨਕ! ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ॥੨॥
(ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ।
ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
ਜੋ ਸੰਸਾਰ ਤੇ ਜਨਮ ਲੈ ਕੇ ਆਇਆ ਹੈ, ਉਸ ਦੀ ਮੌਤ ਵੀ ਅਵੱਸ਼ ਹੋਵੇਗੀ। ਇਹ ਮਤ ਦੀ ਵਾਰੀ ਸਭ ਨੂੰ ਆਉਣ ਵਾਲੀ ਹੈ।
ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ।
(ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) ॥੨੦॥
ਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ-ਤ੍ਰੇਹ ਸਾਰੀ ਦੂਰ ਹੋ ਜਾਂਦੀ ਹੈ।
ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।
ਹੇ ਦਾਸ ਨਾਨਕ! ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਸਦਾ ਉਸ ਦਾ ਨਾਮ ਜਪਦਾ ਹੈ, ਤੇ, ਪਰਮਾਤਮਾ ਉਸ ਨੂੰ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥
(ਜੇ ਕੋਈ ਪ੍ਰੇਮੀ ਜੀਊੜਾ ਆਪਣੇ ਪਿਆਰੇ ਤੋਂ ਬਿਨਾ) ਕਿਸੇ ਹੋਰ ਵਿਚ (ਭੀ) ਚਿੱਤ ਜੋੜ ਲਏ, ਤਾਂ ਉਸ ਦੇ ਇਸ਼ਕ ਨੂੰ ਸੱਚਾ ਇਸ਼ਕ ਨਹੀਂ ਆਖਿਆ ਜਾ ਸਕਦਾ।
ਹੇ ਨਾਨਕ! ਉਹੀ ਮਨੁੱਖ ਸੱਚਾ ਆਸ਼ਕ ਕਿਹਾ ਜਾ ਸਕਦਾ ਹੈ ਜੋ ਹਰ ਵੇਲੇ (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ।
(ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ (ਕੰਮ) ਨੂੰ ਤੱਕ ਕੇ ਆਖੇ ਕਿ ਇਹ ਚੰਗਾ ਕੰਮ ਹੈ, ਪਰ ਮਾੜੇ ਕੰਮ ਨੂੰ ਵੇਖ ਕੇ ਆਖੇ ਕਿ ਇਹ ਮਾੜਾ ਕੰਮ ਹੈ (ਭਾਵ, ਆਪਣੇ ਵਲੋਂ ਆਏ ਕਿਸੇ ਸੁਖ ਨੂੰ ਤਾਂ ਹੱਸ ਕੇ ਕਬੂਲ ਕਰੇ, ਪਰ ਦੁੱਖ ਨੂੰ ਵੇਖ ਕੇ ਘਾਬਰ ਜਾਏ),
ਉਹ ਮਨੁੱਖ ਭੀ, ਹੇ ਨਾਨਕ! ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ ॥੧॥