ਆਸਾ ਕੀ ਵਾਰ

(ਅੰਗ: 34)


ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥

(ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ।

ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥

ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ-ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ ॥੨॥

ਪਉੜੀ ॥

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥

ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥

ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥

ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।

ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥

ਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ।

ਕਿਛੁ ਲਾਹੇ ਉਪਰਿ ਘਾਲੀਐ ॥੨੧॥

(ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ ॥੨੧॥

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥

ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਮੁੜ (ਵਿਕਾਰਾਂ ਆਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।

ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥

ਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ।

ਜਿਨੑੀ ਸਤਿਗੁਰੁ ਪਿਆਰਾ ਸੇਵਿਆ ਤਿਨੑਾ ਸੁਖੁ ਸਦ ਹੋਈ ॥

ਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ (ਗੁਰੂ ਦਾ ਆਸਰਾ ਲੈਂਦੇ ਹਨ) ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ।

ਜਿਨੑਾ ਨਾਨਕੁ ਸਤਿਗੁਰੁ ਭੇਟਿਆ ਤਿਨੑਾ ਮਿਲਿਆ ਹਰਿ ਸੋਈ ॥੨॥

ਨਾਨਕ (ਆਖਦਾ ਹੈ) ਜੇਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ ॥੨॥

ਸਲੋਕੁ ਮਹਲਾ ੨ ॥

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥

ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ,

ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥

ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ।

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥

ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ,

ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥

ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ ॥੧॥

ਮਹਲਾ ੨ ॥

ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥

ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ।

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥

ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ ॥੨॥