ਪ੍ਰਭਾਤੀ ॥

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥

ਲੋਗਾ ਭਰਮਿ ਨ ਭੂਲਹੁ ਭਾਈ ॥

ਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।

ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥

ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥

ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥

(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥

ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥

ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥

ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥

ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)

ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥

ਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਪ੍ਰਭਾਤੀ
ਲਿਖਾਰੀ: ਭਗਤ ਕਬੀਰ ਜੀ
ਅੰਗ: 1349 - 1350
ਲੜੀ ਸੰਃ: 18 - 4

ਰਾਗੁ ਪ੍ਰਭਾਤੀ

ਪ੍ਰਭਾਤੀ ਵਿਚ ਪ੍ਰਗਟ ਕੀਤੀਆਂ ਭਾਵਨਾਵਾਂ ਬਹੁਤ ਹੀ ਸ਼ਰਧਾ ਨਾਲ ਹੁੰਦੀਆਂ ਹਨ; ਇਥੇ ਇਕ ਅਤਿ ਆਤਮ ਵਿਸ਼ਵਾਸ ਅਤੇ ਪਿਆਰ ਹੈ ਜੋ ਇਸ ਨੂੰ ਸਮਰਪਿਤ ਹੈ।