ਜਾਪੁ ਸਾਹਿਬ

(ਅੰਗ: 37)


ਨਰ ਨਾਇਕ ਹੈਂ ॥

ਤੂੰ ਮਨੁੱਖਾਂ ਦਾ ਨਾਇਕ ਹੈਂ,

ਖਲ ਘਾਇਕ ਹੈਂ ॥੧੮੦॥

ਤੂੰ ਦੁਸ਼ਟਾਂ ਦਾ ਸੰਘਾਰਕ ਹੈਂ ॥੧੮੦॥

ਬਿਸ੍ਵੰਭਰ ਹੈਂ ॥

(ਹੇ ਪ੍ਰਭੂ!) ਤੂੰ ਸ੍ਰਿਸ਼ਟੀ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ,

ਕਰੁਣਾਲਯ ਹੈਂ ॥

ਤੂੰ ਕ੍ਰਿਪਾ (ਕਰੁਣਾ) ਦਾ ਘਰ ਹੈਂ,

ਨ੍ਰਿਪ ਨਾਇਕ ਹੈਂ ॥

ਤੂੰ ਰਾਜਿਆਂ ਦਾ ਸੁਆਮੀ ਹੈਂ,

ਸਰਬ ਪਾਇਕ ਹੈਂ ॥੧੮੧॥

ਤੂੰ ਸਭ ਨੂੰ ਪਾਲਣ ਵਾਲਾ (ਰਖਿਅਕ) ਹੈਂ ॥੧੮੧॥

ਭਵ ਭੰਜਨ ਹੈਂ ॥

(ਹੇ ਪ੍ਰਭੂ!) ਤੂੰ ਜਨਮ-ਮਰਨ ਦੇ ਚੱਕਰ ਨੂੰ ਨਸ਼ਟ ਕਰਨ ਵਾਲਾ ਹੈਂ,

ਅਰਿ ਗੰਜਨ ਹੈਂ ॥

ਤੂੰ ਵੈਰੀਆਂ ਨੂੰ ਮਾਰਨ ਵਾਲਾ ਹੈਂ,

ਰਿਪੁ ਤਾਪਨ ਹੈਂ ॥

ਤੂੰ ਦੁਸ਼ਮਣਾਂ ਨੂੰ ਦੁਖ ਦੇਣ ਵਾਲਾ ਹੈ,

ਜਪੁ ਜਾਪਨ ਹੈਂ ॥੧੮੨॥

ਤੂੰ ਖੁਦ ਆਪਣਾ ਜਪ ਜਪਾਉਣ ਵਾਲਾ ਵੀ ਹੈਂ ॥੧੮੨॥

ਅਕਲੰ ਕ੍ਰਿਤ ਹੈਂ ॥

(ਹੇ ਪ੍ਰਭੂ!) ਤੂੰ ਕਲੰਕ-ਰਹਿਤ ਹੈਂ,

ਸਰਬਾ ਕ੍ਰਿਤ ਹੈਂ ॥

ਤੂੰ ਸਭ ਦਾ ਕਰਤਾ ਹੈ,

ਕਰਤਾ ਕਰ ਹੈਂ ॥

ਤੂੰ ਕਰਤਿਆਂ ਦਾ ਵੀ ਕਰਤਾ ਹੈਂ,

ਹਰਤਾ ਹਰਿ ਹੈਂ ॥੧੮੩॥

ਤੂੰ ਮਾਰਨ ਵਾਲਿਆਂ ਦਾ ਵੀ ਮਾਰਨ ਵਾਲਾ ਹੈਂ ॥੧੮੩॥

ਪਰਮਾਤਮ ਹੈਂ ॥

(ਹੇ ਪ੍ਰਭੂ!) ਤੂੰ ਪਾਰਬ੍ਰਹਮ ਹੈਂ,

ਸਰਬਾਤਮ ਹੈਂ ॥

ਤੂੰ ਸਭ ਦੀ ਆਤਮਾ (ਜਾਂ ਸਭ ਵਿਚ ਵਿਆਪਤ) ਹੈਂ,

ਆਤਮ ਬਸ ਹੈਂ ॥

ਤੂੰ ਆਪਣੇ ਹੀ ਵਸ ਵਿਚ ਹੈਂ,

ਜਸ ਕੇ ਜਸ ਹੈਂ ॥੧੮੪॥

ਤੂੰ ਯਸ਼ਾਂ ਦਾ ਵੀ ਯਸ਼ ਹੈਂ ॥੧੮੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ॥

ਹੇ ਸੂਰਜਾਂ ਦੇ ਸੂਰਜ! (ਤੈਨੂੰ) ਨਮਸਕਾਰ ਹੈ; ਹੇ ਚੰਦ੍ਰਮਿਆਂ ਦੇ ਚੰਦ੍ਰਮਾ! (ਤੈਨੂੰ) ਨਮਸਕਾਰ ਹੈ;