ਜਾਪੁ ਸਾਹਿਬ

(ਅੰਗ: 30)


ਸਦਾ ਸਰਬ ਸਾਥੇ ॥

ਹੇ ਸਦਾ ਸਭ ਦੇ ਮੱਦਦਗਾਰ ਹੋਣ ਵਾਲੇ!

ਅਗਾਧ ਸਰੂਪੇ ॥

ਹੇ ਸਦਾ ਅਗਾਧ ਸਰੂਪ ਵਾਲੇ!

ਨ੍ਰਿਬਾਧ ਬਿਭੂਤੇ ॥੧੪੬॥

ਹੇ ਨਿਰਵਿਘਨ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੪੬॥

ਅਨੰਗੀ ਅਨਾਮੇ ॥

ਹੇ ਅੰਗ (ਸ਼ਰੀਰ) ਅਤੇ ਨਾਮ ਤੋਂ ਰਹਿਤ!

ਤ੍ਰਿਭੰਗੀ ਤ੍ਰਿਕਾਮੇ ॥

ਹੇ ਤਿੰਨਾਂ ਲੋਕਾਂ ਨੂੰ ਨਸ਼ਟ ਕਰਨ ਵਾਲੇ ਅਤੇ ਤਿੰਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ!

ਨ੍ਰਿਭੰਗੀ ਸਰੂਪੇ ॥

ਹੇ ਅਵਿਨਾਸ਼ੀ ਸਰੂਪ ਵਾਲੇ!

ਸਰਬੰਗੀ ਅਨੂਪੇ ॥੧੪੭॥

ਹੇ ਸਾਰਿਆਂ ਦੇ ਸਾਥੀ ਅਤੇ ਉਪਮਾ ਤੋਂ ਰਹਿਤ! (ਤੈਨੂੰ ਨਮਸਕਾਰ ਹੈ) ॥੧੪੭॥

ਨ ਪੋਤ੍ਰੈ ਨ ਪੁਤ੍ਰੈ ॥

(ਹੇ ਪ੍ਰਭੂ!) ਤੇਰਾ ਨਾ ਕੋਈ ਪੁੱਤਰ ਹੈ ਅਤੇ ਨਾ ਹੀ ਪੋਤਰਾ,

ਨ ਸਤ੍ਰੈ ਨ ਮਿਤ੍ਰੈ ॥

ਨਾ ਕੋਈ ਵੈਰੀ ਹੈ ਅਤੇ ਨਾ ਹੀ ਕੋਈ ਮਿਤਰ ਹੈ,

ਨ ਤਾਤੈ ਨ ਮਾਤੈ ॥

ਨਾ ਤੇਰਾ ਕੋਈ ਪਿਤਾ ਹੈ ਨਾ ਮਾਤਾ,

ਨ ਜਾਤੈ ਨ ਪਾਤੈ ॥੧੪੮॥

ਨਾ ਤੇਰੀ ਕੋਈ ਜਾਤਿ ਹੈ ਅਤੇ ਨਾ ਹੀ ਭਾਈਚਾਰਾ ॥੧੪੮॥

ਨ੍ਰਿਸਾਕੰ ਸਰੀਕ ਹੈਂ ॥

(ਹੇ ਪ੍ਰਭੂ!) ਤੇਰਾ ਨਾ ਤਾਂ ਕੋਈ ਸਾਕ ਹੈ, ਨਾ ਹੀ ਸ਼ਰੀਕ ਹੈ,

ਅਮਿਤੋ ਅਮੀਕ ਹੈਂ ॥

ਤੂੰ ਅਮਿਤ ਅਤੇ ਅਪਾਰ ਹੈਂ,

ਸਦੈਵੰ ਪ੍ਰਭਾ ਹੈਂ ॥

ਤੂੰ ਸਦਾ ਪ੍ਰਕਾਸ਼ਮਾਨ ਹੈਂ,

ਅਜੈ ਹੈਂ ਅਜਾ ਹੈਂ ॥੧੪੯॥

ਤੂੰ ਅਜਿਤ ਅਤੇ ਅਜਨਮਾ ਹੈਂ ॥੧੪੯॥

ਭਗਵਤੀ ਛੰਦ ॥ ਤ੍ਵ ਪ੍ਰਸਾਦਿ ॥

ਭਗਵਤੀ ਛੰਦ: ਤੇਰੀ ਕ੍ਰਿਪਾ ਨਾਲ:

ਕਿ ਜਾਹਰ ਜਹੂਰ ਹੈਂ ॥

(ਹੇ ਪ੍ਰਭੂ!) ਤੂੰ ਪ੍ਰਗਟ ਰੂਪ ਵਿਚ ਪ੍ਰਕਾਸ਼ਮਾਨ ਹੈਂ,

ਕਿ ਹਾਜਰ ਹਜੂਰ ਹੈਂ ॥

ਤੂੰ ਸਾਹਮਣੇ ਮੌਜੂਦ ਹੈਂ,

ਹਮੇਸੁਲ ਸਲਾਮ ਹੈਂ ॥

ਤੂੰ ਹਮੇਸ਼ਾ ਸਲਾਮਤ ਹੈਂ

ਸਮਸਤੁਲ ਕਲਾਮ ਹੈਂ ॥੧੫੦॥

ਅਤੇ ਸਭ ਵਿਚ ਤੇਰੇ ਹੀ ਬੋਲ ('ਕਲਾਮ') ਹਨ ॥੧੫੦॥