(ਹੇ ਪ੍ਰਭੂ!) ਤੂੰ ਸ੍ਰੇਸ਼ਠ ਬੁੱਧੀ ਦਾ ਮਾਲਕ ਹੈਂ,
ਤੂੰ ਹੁਸਨ ਦਾ ਦੀਪਕ ਹੈਂ,
ਤੂੰ ਪਰਮ ਬਖਸ਼ਿੰਦ ਹੈਂ,
ਤੂੰ ਰੋਜ਼ੀ ਦੇਣ ਵਾਲਾ ਦਿਆਲੂ ਹੈਂ ॥੧੫੧॥
(ਹੇ ਪ੍ਰਭੂ!) ਤੂੰ ਰੋਜ਼ੀ ਦੇਣ ਵਾਲਾ ਹੈਂ,
ਤੂੰ ਮੁਕਤੀ ਪ੍ਰਦਾਨ ਕਰਨ ਵਾਲਾ ਦਇਆਵਾਨ ਹੈਂ,
ਤੂੰ ਸ੍ਰੇਸ਼ਠ ('ਕਮਾਲ') ਕ੍ਰਿਪਾਲੂ ਹੈਂ,
ਤੂੰ ਅਤਿਅੰਤ ਸੁੰਦਰ ਹੈਂ ॥੧੫੨॥
(ਹੇ ਪ੍ਰਭੂ!) ਤੂੰ ਵੈਰੀਆਂ ਤੋਂ ਵੀ ਕਰ ਵਸੂਲਣ ਵਾਲਾ ਹੈਂ (ਅਰਥਾਤ ਸਭ ਨੂੰ ਅਧੀਨ ਰਖਣ ਵਾਲਾ ਹੈਂ)
ਤੂੰ ਗ਼ਰੀਬਾਂ ਨੂੰ ਵਡਿਆਉਣ ਵਾਲਾ ਹੈਂ,
ਤੂੰ ਵੈਰੀਆਂ ਦਾ ਨਾਸ਼ਕ ਹੈਂ,
ਤੂੰ ਭੈ ਨੂੰ ਪਰੇ ਸੁਟਣ ਵਾਲਾ ('ਫਿਕੰਨ') ਹੈਂ ॥੧੫੩॥
(ਹੇ ਪ੍ਰਭੂ!) ਤੂੰ ਕਲੰਕ ਨੂੰ ਨਸ਼ਟ ਕਰਨ ਵਾਲਾ ਹੈਂ,
ਤੂੰ ਸਾਰਿਆਂ ਵਿਚ ਵਸਦਾ ਹੈਂ,
ਤੂੰ ਵੈਰੀਆਂ ('ਗਨੀਮ') ਤੋਂ ਨਸ਼ਟ ਹੋਣ ਵਾਲਾ ਨਹੀਂ ਹੈਂ,
ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਮਿਹਰਬਾਨ ਹੈਂ ॥੧੫੪॥
(ਹੇ ਪ੍ਰਭੂ!) ਤੂੰ ਸਾਰਿਆਂ ਦੀ ਬੋਲੀ ਹੈਂ (ਅਰਥਾਤ ਸਭ ਵਿਚ ਤੂੰ ਹੀ ਬੋਲ ਰਿਹਾ ਹੈਂ)
ਤੂੰ ਸ਼ੁਭ ਸ਼ਗਨਾਂ ('ਕਿਰਾ') ਦਾ ਸੁਆਮੀ ਹੈਂ,
ਤੂੰ ਨਰਕਾਂ ਨੂੰ ਨਸ਼ਟ ਕਰਨ ਵਾਲਾ ਹੈਂ,
ਤੂੰ ਬਹਿਸ਼ਤ (ਸੁਅਰਗ) ਵਿਚ ਨਿਵਾਸ ਕਰਦਾ ਹੈਂ ॥੧੫੫॥