ਜਾਪੁ ਸਾਹਿਬ

(ਅੰਗ: 32)


ਕਿ ਸਰਬੁਲ ਗਵੰਨ ਹੈਂ ॥

(ਹੇ ਪ੍ਰਭੂ!) ਤੂੰ ਸਭ ਵਿਚ ਗਮਨ ਕਰਦਾ ਹੈਂ,

ਹਮੇਸੁਲ ਰਵੰਨ ਹੈਂ ॥

ਤੂੰ ਹਮੇਸ਼ਾ (ਸਭ ਵਿਚ) ਵਿਆਪਤ ਹੋਣ ਵਾਲਾ ਹੈਂ,

ਤਮਾਮੁਲ ਤਮੀਜ ਹੈਂ ॥

ਤੂੰ ਸਭ ਦੀ ਪਛਾਣ ਰਖਦਾ ਹੈਂ,

ਸਮਸਤੁਲ ਅਜੀਜ ਹੈਂ ॥੧੫੬॥

ਤੂੰ ਸਭ ਦਾ ਪਿਆਰਾ ਹੈਂ ॥੧੫੬॥

ਪਰੰ ਪਰਮ ਈਸ ਹੈਂ ॥

(ਹੇ ਪ੍ਰਭੂ!) ਤੂੰ ਪਰਮ ਸ੍ਰੇਸ਼ਠ ਸੁਆਮੀ ਹੈਂ,

ਸਮਸਤੁਲ ਅਦੀਸ ਹੈਂ ॥

ਤੂੰ ਸਭ ਲਈ ਅਦ੍ਰਿਸ਼ ਹੈਂ,

ਅਦੇਸੁਲ ਅਲੇਖ ਹੈਂ ॥

ਤੂੰ ਦੇਸਾਂ ਤੋਂ ਰਹਿਤ ਅਤੇ ਲੇਖੇ ਤੋਂ ਰਹਿਤ ਹੈਂ,

ਹਮੇਸੁਲ ਅਭੇਖ ਹੈਂ ॥੧੫੭॥

ਤੂੰ ਸਦਾ ਭੇਖਾਂ ਤੋਂ ਰਹਿਤ ਹੈਂ ॥੧੫੭॥

ਜਮੀਨੁਲ ਜਮਾ ਹੈਂ ॥

(ਹੇ ਪ੍ਰਭੂ!) ਤੂੰ ਧਰਤੀ ਅਤੇ ਆਕਾਸ਼ ਵਿਚ ਵਿਆਪਤ ਹੈਂ,

ਅਮੀਕੁਲ ਇਮਾ ਹੈਂ ॥

ਤੂੰ ਗਹਿਰ ਗੰਭੀਰ ਧਰਮ ਵਾਲਾ ਹੈਂ,

ਕਰੀਮੁਲ ਕਮਾਲ ਹੈਂ ॥

ਤੂੰ ਸ੍ਰੇਸ਼ਠ ਕ੍ਰਿਪਾਲੂ ਹੈਂ,

ਕਿ ਜੁਰਅਤਿ ਜਮਾਲ ਹੈਂ ॥੧੫੮॥

ਤੂੰ ਸਾਹਸ ('ਜੁਰਅਤ') ਦਾ ਤੇਜ ਹੈਂ ॥੧੫੮॥

ਕਿ ਅਚਲੰ ਪ੍ਰਕਾਸ ਹੈਂ ॥

(ਹੇ ਪ੍ਰਭੂ!) ਤੂੰ ਅਚਲ ਪ੍ਰਕਾਸ਼ ਵਾਲਾ ਹੈਂ,

ਕਿ ਅਮਿਤੋ ਸੁਬਾਸ ਹੈਂ ॥

ਤੂੰ ਅਮਿਤ ਸੁਗੰਧ ਵਾਲਾ ਹੈਂ,

ਕਿ ਅਜਬ ਸਰੂਪ ਹੈਂ ॥

ਤੂੰ ਅਦਭੁਤ ਰੂਪ ਵਾਲਾ ਹੈਂ,

ਕਿ ਅਮਿਤੋ ਬਿਭੂਤ ਹੈਂ ॥੧੫੯॥

ਤੂੰ ਅਸੀਮ ਸੰਪੱਤੀ ਵਾਲਾ ਹੈਂ ॥੧੫੯॥

ਕਿ ਅਮਿਤੋ ਪਸਾ ਹੈਂ ॥

(ਹੇ ਪ੍ਰਭੂ!) ਤੂੰ ਅਸੀਮ ਪਸਾਰ ਵਾਲਾ ਹੈਂ,

ਕਿ ਆਤਮ ਪ੍ਰਭਾ ਹੈਂ ॥

ਤੂੰ ਆਪਣੇ ਆਪ ਪ੍ਰਕਾਸ਼ਵਾਨ ਹੈਂ,

ਕਿ ਅਚਲੰ ਅਨੰਗ ਹੈਂ ॥

ਤੂੰ ਅਚਲ ਅਤੇ ਸ਼ਰੀਰ-ਰਹਿਤ ਹੈਂ,

ਕਿ ਅਮਿਤੋ ਅਭੰਗ ਹੈਂ ॥੧੬੦॥

ਤੂੰ ਅਨੰਤ ਅਤੇ ਅਵਿਨਾਸ਼ੀ ਹੈਂ ॥੧੬੦॥