ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੩ ਛੰਤ ਘਰੁ ੧ ॥

ਰਾਗ ਆਸਾ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।

ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥

(ਹੇ ਸਖੀ!) ਮੇਰੇ (ਹਿਰਦੇ-) ਘਰ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਹੋ ਰਿਹਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਨੇ (ਮੇਰੇ ਹਿਰਦੇ-ਘਰ ਨੂੰ) ਸੋਹਣਾ ਬਣਾ ਦਿੱਤਾ ਹੈ।

ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥

(ਹੇ ਸਖੀ! ਉਸ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ ਜਿਸ ਨੂੰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ।

ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥

ਪ੍ਰਭੂ ਨੇ ਜਿਸ ਜੀਵ-ਇਸਤ੍ਰੀ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਿਆ, ਆਪਣਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵਸਾ ਦਿੱਤਾ, ਉਹ ਜੀਵ-ਇਸਤ੍ਰੀ (ਫਿਰ) ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।

ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥

ਗੁਰੂ ਦੇ ਸ਼ਬਦ ਨੇ (ਉਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਸਿੰਗਾਰ ਦਿੱਤਾ, ਸਦਾ-ਥਿਰ ਹਰਿ-ਨਾਮ ਨੇ (ਉਸ ਦੇ ਜੀਵਨ ਨੂੰ) ਸੋਹਣਾ ਬਣਾ ਦਿੱਤਾ, ਉਹ (ਫਿਰ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਸਦਾ ਹੀ (ਪ੍ਰਭੂ-ਮਿਲਾਪ ਦਾ ਆਨੰਦ) ਮਾਣਦੀ ਹੈ।

ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥

(ਜਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ) ਹਉਮੈ ਦੂਰ ਕਰਦੀ ਹੈ (ਤੇ ਆਪਣੇ ਅੰਦਰ) ਪ੍ਰਭੂ-ਪਤੀ ਨੂੰ ਲੱਭ ਲੈਂਦੀ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸੁਆਦ ਆਪਣੇ ਮਨ ਵਿਚ (ਸਦਾ ਲਈ) ਵਸਾ ਲੈਂਦੀ ਹੈ।

ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥

ਨਾਨਕ ਆਖਦਾ ਹੈ- ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੧॥

ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥

(ਹੇ ਸਖੀ!) ਜੇਹੜੀ ਜੀਵ-ਇਸਤ੍ਰੀ (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦੀ) ਹੋਰ ਹੋਰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀ ਹੈ ਉਸ ਨੂੰ ਪ੍ਰਭੂ-ਪਤੀ ਦਾ ਮਿਲਾਪ ਨਹੀਂ ਹੁੰਦਾ।

ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥

ਉਹ ਜੀਵ-ਇਸਤ੍ਰੀ (ਆਪਣੇ ਅੰਦਰ ਕੋਈ ਆਤਮਕ) ਗੁਣ ਪੈਦਾ ਨਹੀਂ ਕਰਦੀ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੀ ਹੈ।

ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੂਰਖ ਜੀਵ-ਇਸਤ੍ਰੀ ਜੀਵਨ ਅਜਾਈਂ ਗਵਾ ਜਾਂਦੀ ਹੈ ਔਗੁਣਾਂ ਨਾਲ ਭਰੀ ਹੋਣ ਕਰਕੇ ਉਹ ਆਪਣੇ ਅੰਦਰ ਹੀ ਅੰਦਰ ਦੁੱਖੀ ਹੁੰਦੀ ਰਹਿੰਦੀ ਹੈ।

ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥

ਪਰ ਜਦੋਂ ਉਸ ਨੇ ਆਪਣੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਲੱਭਾ ਤਦੋਂ ਉਸ ਨੂੰ ਪ੍ਰਭੂ-ਪਤੀ ਅੰਗ ਸੰਗ ਵੱਸਦਾ ਹੀ ਮਿਲ ਪਿਆ।

ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥

(ਆਪਣੇ ਅੰਦਰ) ਪ੍ਰਭੂ-ਪਤੀ ਨੂੰ ਵੇਖ ਕੇ ਉਹ ਖਿੜ ਪਈ, ਉਹ ਅੰਤਰ-ਆਤਮੇ ਆਨੰਦ-ਮਗਨ ਹੋ ਗਈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਪ੍ਰਭੂ-ਪ੍ਰੇਮ ਵਿਚ ਲੀਨ ਹੋ ਗਈ।

ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ ॥੨॥

ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥

(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਪਛਾਣ ਲਿਆ,

ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥

ਉਹ ਅੰਤਰ-ਆਤਮੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਇਕ-ਮਿਕ ਹੋ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ (ਆਪਣੇ ਅੰਦਰੋਂ ਵਿਕਾਰਾਂ ਵਾਲੀ) ਤਪਸ਼ ਬੁਝਾ ਲਈ।

ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥

(ਹੇ ਸਖੀ! ਜਿਸ ਜੀਵ-ਇਸਤ੍ਰੀ ਨੇ) ਗੁਰ-ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਬੁਝਾ ਲਈ, ਉਸ ਦੇ ਅੰਦਰ ਠੰਡ ਪੈ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ।

ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥

ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ।

ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥

(ਹੇ ਸਖੀ!) ਪੰਡਿਤ (ਧਾਰਮਿਕ ਪੁਸਤਕ) ਪੜ੍ਹ ਪੜ੍ਹ ਕੇ, ਮੋਨ-ਧਾਰੀ (ਸਮਾਧੀਆਂ ਲਾ ਲਾ ਕੇ) (ਜੋਗੀ ਜੰਗਮ ਆਦਿਕ ਸਾਧੂ) ਭੇਖ ਧਾਰ ਧਾਰ ਕੇ ਥੱਕ ਗਏ (ਇਹਨਾਂ ਤਰੀਕਿਆਂ ਨਾਲ ਕਿਸੇ ਨੇ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਨਾਹ ਕੀਤੀ।

ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥

ਹੇ ਨਾਨਕ! ਪਰਮਾਤਮਾ ਦੀ ਭਗਤੀ ਤੋਂ ਬਿਨਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾਪ ਹਾਸਲ ਕਰ ਲੈਂਦਾ ਹੈ ॥੩॥

ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥

(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ,

ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥

ਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ।

ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥

ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ,

ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥

ਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗੁਣ ਦੂਰ ਹੋ ਗਏ।

ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥

(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ।

ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

ਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ॥੪॥੧॥੬॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਆਸਾ
ਲਿਖਾਰੀ: ਗੁਰੂ ਅਮਰਦਾਸ ਜੀ
ਅੰਗ: 439 - 440
ਲੜੀ ਸੰਃ: 12 - 7

ਰਾਗੁ ਆਸਾ

ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।