ਬਿਲਾਵਲੁ ਮਹਲਾ ੫ ॥

ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥

(ਜੇ ਕੋਈ ਗੁਰਮੁਖਿ ਮੈਨੂੰ ਸਿਮਰਨ ਦੀ ਬਰਕਤ ਵਾਲੀ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।

ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥

ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? ॥੧॥

ਕਰਿ ਆਸਾ ਆਇਓ ਪ੍ਰਭ ਮਾਗਨਿ ॥

ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ।

ਤੁਮੑ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥

ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥

ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥

ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ।

ਸਾਧਸੰਗਿ ਇਸੁ ਮਨਹਿ ਉਧਾਰਉ ॥੨॥

ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ॥੨॥

ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥

ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ।

ਤਾ ਮਿਲੀਐ ਜਾ ਲਏ ਮਿਲਾਈ ॥੩॥

ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ॥੩॥

ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥

(ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ,

ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥

ਨਾਨਕ ਆਖਦਾ ਹੈ- ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ ॥੪॥੪॥੯॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਬਿਲਾਵਲੁ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 804
ਲੜੀ ਸੰਃ: 3 - 7

ਰਾਗੁ ਬਿਲਾਵਲੁ

ਬਿਲਾਵਲ ਬਹੁਤ ਖੁਸ਼ੀ ਦੀਆਂ ਭਾਵਨਾਵਾਂ ਦੱਸਦਾ ਹੈ ਜੋ ਇੱਕ ਟੀਚਾ ਪ੍ਰਾਪਤ ਕਰਨ ਜਾਂ ਇੱਕ ਉਦੇਸ਼ ਪ੍ਰਾਪਤ ਕਰਨ ਤੋਂ ਪ੍ਰਾਪਤ ਹੁੰਦੇ ਹਨ।