ਸ਼ਬਦ ਹਜ਼ਾਰੇ

(ਅੰਗ: 3)


ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥

(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ,

ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ॥੨॥

ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥

ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ।

ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੩॥

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥

ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ।

ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥

ਹੇ ਨਾਨਕ! ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੧॥੩॥

ਤਿਲੰਗ ਮਃ ੧ ॥

ਇਆਨੜੀਏ ਮਾਨੜਾ ਕਾਇ ਕਰੇਹਿ ॥

ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ?

ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥

ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ?

ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥

ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ?

ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥

(ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ।

ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥

ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥

ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥

(ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ?

ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥

ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ।

ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥

(ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ।

ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥

ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ,

ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥

ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥

ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥

(ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ,

ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥

(ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ,