ਸੁਖਮਨੀ ਸਾਹਿਬ

(ਅੰਗ: 87)


ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥

ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?

ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥

ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ,

ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥

ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?

ਆਪਨ ਆਪ ਆਪ ਹੀ ਅਚਰਜਾ ॥

ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ।

ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥

ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ॥੩॥

ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥

ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,

ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥

ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?

ਜਹ ਨਿਰੰਜਨ ਨਿਰੰਕਾਰ ਨਿਰਬਾਨ ॥

ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,

ਤਹ ਕਉਨ ਕਉ ਮਾਨ ਕਉਨ ਅਭਿਮਾਨ ॥

ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?

ਜਹ ਸਰੂਪ ਕੇਵਲ ਜਗਦੀਸ ॥

ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,

ਤਹ ਛਲ ਛਿਦ੍ਰ ਲਗਤ ਕਹੁ ਕੀਸ ॥

ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?

ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥

ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,

ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥

ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?

ਕਰਨ ਕਰਾਵਨ ਕਰਨੈਹਾਰੁ ॥

ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ।

ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥

ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥

ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥

ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)

ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥

ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?

ਜਹ ਸਰਬ ਕਲਾ ਆਪਹਿ ਪਰਬੀਨ ॥

ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,

ਤਹ ਬੇਦ ਕਤੇਬ ਕਹਾ ਕੋਊ ਚੀਨ ॥

ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?

ਜਬ ਆਪਨ ਆਪੁ ਆਪਿ ਉਰਿ ਧਾਰੈ ॥

ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,