ਸਿਧ ਗੋਸਟਿ

(ਅੰਗ: 20)


ਗੁਰਮੁਖਿ ਜੋਗੀ ਜੁਗਤਿ ਪਛਾਣੈ ॥

ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ।

ਗੁਰਮੁਖਿ ਨਾਨਕ ਏਕੋ ਜਾਣੈ ॥੬੯॥

ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ॥੬੯॥

ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥

ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,

ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥

ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ।

ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥

ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,

ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥

ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਉਠਾਂਦਾ ਹੈ।

ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥

ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ।

ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥

ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ॥੭੦॥

ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ।

ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ।

ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ।

ਗੁਰਮੁਖਿ ਦਰਗਹ ਨ ਆਵੈ ਹਾਰਿ ॥

ਗੁਰੂ ਦੇ ਹੁਕਮ ਵਿਚ ਤੁਰਨ ਵਾਲਾ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ)।

ਗੁਰਮੁਖਿ ਮੇਲਿ ਮਿਲਾਏ ਸੁੋ ਜਾਣੈ ॥

ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ।

ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥

ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ॥੭੧॥

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥

ਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ।

ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥

ਜੋ 'ਨਾਮ' ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। 'ਨਾਮ' ਤੋਂ ਹੀ ਸੁਖ ਮਿਲਦਾ ਹੈ।

ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥

'ਨਾਮ' ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, 'ਨਾਮ' ਤੋਂ ਹੀ ਸਾਰੀ ਸੂਝ ਪੈਂਦੀ ਹੈ।

ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥

ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ।

ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥

ਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ 'ਨਾਮ' ਮਿਲਦਾ ਹੈ ('ਨਾਮ' ਮਿਲਿਆਂ ਹੀ) ਜੋਗ ਦੀ ਸੁਰਤ ਸਿਰੇ ਚੜ੍ਹਦੀ ਹੈ।

ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥

ਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, 'ਨਾਮ' ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ)।੭੨)॥੭੨॥