ਸਿਧ ਗੋਸਟਿ

(ਅੰਗ: 19)


ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥

ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ?

ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥

ਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ?

ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥

ਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?

ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥

(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ ॥੬੬॥

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥

(ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ।

ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥

ਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ।

ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥

ਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ "ਦੁਤਰ ਸਾਗਰ" ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ;

ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥

ਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ।

ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥

ਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ।

ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥

ਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ ॥੬੭॥

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥

(ਪ੍ਰਸ਼ਨ:) ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?

ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥

(ਉੱਤਰ:) ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ।

ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥

ਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ।

ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥

ਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ।

ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ॥੬੮॥

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥

ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,

ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥

ਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥

ਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ।

ਗੁਰਮੁਖਿ ਨਿਜ ਘਰਿ ਵਾਸਾ ਹੋਇ ॥

ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ।