ਸਤਿਗੁਰੂ ਦੀ ਮੇਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੀਜਦਾ ਹੈ,
ਉਹ ਨਾਮ-ਅੰਮ੍ਰਿਤ ਪੀ ਲੈਂਦਾ ਹੈ, ਤੇ ਸੱਚੇ ਪ੍ਰਭੂ ਵਿਚ ਖੀਵਾ ਰਹਿੰਦਾ ਹੈ।
ਜੋ ਮਨੁੱਖ ਗੁਰ-(ਸ਼ਬਦ) ਦੀ ਰਾਹੀਂ ਵਿਚਾਰਵਾਨ ਹੋ ਗਿਆ ਹੈ ਉਸ ਨੇ (ਤ੍ਰਿਸ਼ਨਾ) ਅੱਗ ਬੁਝਾ ਲਈ ਹੈ।
ਉਸ ਨੇ (ਨਾਮ-) ਅੰਮ੍ਰਿਤ ਪੀ ਲਿਆ ਹੈ, ਉਸ ਨੂੰ ਆਤਮਕ ਸੁਖ ਲੱਭ ਪਿਆ ਹੈ।
(ਹੇ ਜੋਗੀ!) ਗੁਰੂ ਦੇ ਰਾਹ ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰ ਕੇ ('ਦੁਤਰ ਸਾਗਰ' ਤੋਂ) ਪਾਰ ਲੰਘ।
(ਪਰ) ਹੇ ਨਾਨਕ! ਕੋਈ ਵਿਰਲਾ ਵਿਚਾਰਵਾਨ (ਇਸ ਗੱਲ ਨੂੰ) ਸਮਝਦਾ ਹੈ ॥੬੩॥
(ਪ੍ਰਸ਼ਨ:) ਮਸਤ ਹਾਥੀ (ਵਰਗਾ) ਇਹ ਮਨ ਕਿਥੇ ਵੱਸਦਾ ਹੈ? ਇਹ ਪ੍ਰਾਣ ਕਿਥੇ ਵੱਸਦੇ ਹਨ?
ਹੇ ਜੋਗੀ (ਨਾਨਕ!) ਉਹ ਸ਼ਬਦ ਕਿਥੇ ਵੱਸਦਾ ਹੈ (ਜਿਸ ਦੀ ਰਾਹੀਂ ਤੁਹਾਡੇ ਮਤ-ਅਨੁਸਾਰ) ਮਨ ਦੀ ਭਟਕਣਾ ਮੁੱਕਦੀ ਹੈ?
(ਉੱਤਰ:) ਜੇ ਪ੍ਰਭੂ ਮੇਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਂਦਾ ਹੈ ਤੇ (ਗੁਰੂ ਮਿਲਿਆਂ) ਇਹ ਮਨ ਆਪਣੇ ਹੀ ਘਰ ਵਿਚ (ਭਾਵ, ਆਪਣੇ ਆਪ ਵਿਚ) ਟਿਕ ਜਾਂਦਾ ਹੈ।
(ਗੁਰੂ ਦੇ ਹੁਕਮ ਵਿਚ ਤੁਰ ਕੇ ਜਦੋਂ) ਮਨ ਆਪਣੇ ਆਪ ਨੂੰ ਖਾ ਜਾਂਦਾ ਹੈ (ਭਾਵ, ਆਪਣੇ ਸੰਕਲਪ ਵਿਕਲਪ ਮੁਕਾ ਦੇਂਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿਚ ਤੁਰਦਾ ਹੈ) ਤਾਂ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ) ਮਾਇਆ ਵਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ।
(ਪ੍ਰਸ਼ਨ:) ਮਨੁੱਖ (ਜਗਤ ਦੇ) ਮੁੱਢ (ਪ੍ਰਭੂ) ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦ੍ਰਮਾ ਦੇ ਘਰ ਵਿਚ ਸੂਰਜ ਕਿਵੇਂ ਟਿਕੇ?
(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਆਪਣੇ ਅੰਦਰੋਂ 'ਹਉਮੈ' ਦੂਰ ਕਰਦਾ ਹੈ, ਤਦੋਂ ਹੇ ਨਾਨਕ! ਉਹ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ ॥੬੪॥
ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ), ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ।
ਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ), ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ।
ਉਹ ਸ਼ਬਦ (ਜੋ 'ਦੁਤਰ ਸਾਗਰ' ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ।
(ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।
ਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ।
ਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ॥੬੫॥
(ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ?
ਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ?