ਸਿਧ ਗੋਸਟਿ

(ਅੰਗ: 17)


ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥

ਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥

ਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥

(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥

ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥

(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥

ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥

(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)

ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥

ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?

ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥

(ਉੱਤਰ:) ਹੇ ਜੋਗੀ! ਸਤਿਗੁਰੂ ਦੇ ਸ਼ਬਦ ਤੋਂ ਬਿਨਾਂ (ਪ੍ਰਾਣਾਂ ਨੂੰ) ਰਸ ਨਹੀਂ ਆਉਂਦਾ (ਭਾਵ, ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਨਾਂ ਦੀ ਖ਼ੁਰਾਕ ਹੈ)। ਗੁਰੂ-ਸ਼ਬਦ ਤੋਂ ਬਿਨਾ ਹਉਮੈ ਦੀ ਤ੍ਰੇਹ ਨਹੀਂ ਮਿਟਦੀ।

ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥

ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟਿਕੇ ਰਹਿਣ ਵਾਲਾ ਨਾਮ-ਰਸ ਮਿਲ ਜਾਂਦਾ ਹੈ, ਉਹ ਸੱਚੇ ਪ੍ਰਭੂ ਵਿਚ ਰੱਜੇ ਰਹਿੰਦੇ ਹਨ (ਭਾਵ, ਨਾਮ ਵਿਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ)।

ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥

(ਪ੍ਰਸ਼ਨ:) ਉਹ ਕੇਹੜੀ ਮਤ ਹੈ ਜਿਸ ਦੀ ਰਾਹੀ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕੇਹੜੀ ਖ਼ੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ?

ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥

(ਉੱਤਰ:) ਹੇ ਨਾਨਕ! ਸਤਿਗੁਰੂ ਤੋਂ (ਜੋ ਮਤ ਮਿਲਦੀ ਹੈ ਉਸ ਨਾਲ) ਦੁੱਖ ਤੇ ਸੁਖ ਇੱਕ-ਸਮਾਨ ਜਾਪਦਾ ਹੈ, ਸਤਿਗੁਰੂ ਤੋਂ (ਜੋ ਨਾਮ-ਭੋਜਨ ਮਿਲਦਾ ਹੈ, ਉਸ ਕਰਕੇ) ਮੌਤ (ਦਾ ਡਰ) ਪੋਹ ਨਹੀਂ ਸਕਦਾ ॥੬੧॥

ਰੰਗਿ ਨ ਰਾਤਾ ਰਸਿ ਨਹੀ ਮਾਤਾ ॥

(ਸ਼ਬਦ ਦੀ ਕਮਾਈ ਤੋਂ ਬਿਨਾ ਮਨੁੱਖ ਦਾ ਮਨ) ਪ੍ਰਭੂ ਦੇ ਪਿਆਰ ਵਿਚ ਰੰਗਿਆ ਨਹੀਂ ਜਾਂਦਾ ਤੇ ਉਹ ਪ੍ਰਭੂ ਦੇ ਆਨੰਦ ਵਿਚ ਖੀਵਾ ਨਹੀਂ ਹੁੰਦਾ।

ਬਿਨੁ ਗੁਰਸਬਦੈ ਜਲਿ ਬਲਿ ਤਾਤਾ ॥

ਸਤਿਗੁਰੂ ਦੇ ਸ਼ਬਦ (ਦੀ ਕਮਾਈ ਕਰਨ) ਤੋਂ ਬਿਨਾ ਮਨੁੱਖ (ਮਾਇਕ ਧੰਧਿਆਂ ਵਿਚ) ਸੜ ਬਲ ਕੇ ਖਿੱਝਦਾ ਰਹਿੰਦਾ ਹੈ,

ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥

ਜਿਸ ਮਨੁੱਖ ਨੇ ਗੁਰ-ਸ਼ਬਦ ਨਹੀਂ ਉਚਾਰਿਆ, ਉਸ ਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ।

ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥

ਜਿਸ ਨੇ ਸੱਚੇ ਪ੍ਰਭੂ ਨੂੰ ਸਿਮਰਿਆ ਨਹੀਂ, ਉਸ ਨੇ ਪ੍ਰਾਣਾਯਾਮ ਕਰ ਕੇ ਕੀਹ ਲਿਆ?

ਅਕਥ ਕਥਾ ਲੇ ਸਮ ਕਰਿ ਰਹੈ ॥

ਜੇ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾ ਕੇ (ਦੁਖ ਸੁਖ ਨੂੰ) ਇੱਕ-ਸਮਾਨ ਜਾਣ ਕੇ ਜੀਵਨ ਬਿਤੀਤ ਕਰੇ,

ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥

ਤਾਂ ਹੇ ਨਾਨਕ! ਉਹ ਸਾਰੇ-ਸੰਸਾਰ-ਦੀ-ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ॥੬੨॥