ਸਿਧ ਗੋਸਟਿ

(ਅੰਗ: 16)


ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥

(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,

ਦੁਰਮਤਿ ਵਿਛੁੜਿ ਚੋਟਾ ਖਾਇ ॥

ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।

ਮਾਨੈ ਹੁਕਮੁ ਸਭੇ ਗੁਣ ਗਿਆਨ ॥

ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।

ਨਾਨਕ ਦਰਗਹ ਪਾਵੈ ਮਾਨੁ ॥੫੬॥

ਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥

ਸਾਚੁ ਵਖਰੁ ਧਨੁ ਪਲੈ ਹੋਇ ॥

ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,

ਆਪਿ ਤਰੈ ਤਾਰੇ ਭੀ ਸੋਇ ॥

ਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।

ਸਹਜਿ ਰਤਾ ਬੂਝੈ ਪਤਿ ਹੋਇ ॥

ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,

ਤਾ ਕੀ ਕੀਮਤਿ ਕਰੈ ਨ ਕੋਇ ॥

ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।

ਜਹ ਦੇਖਾ ਤਹ ਰਹਿਆ ਸਮਾਇ ॥

ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ

ਨਾਨਕ ਪਾਰਿ ਪਰੈ ਸਚ ਭਾਇ ॥੫੭॥

ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ ॥੫੭॥

ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥

(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?

ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥

'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?

ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥

(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥

ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥

(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,

ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥

(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥

(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।

ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥

ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ)।

ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥

ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁੋ ਮੰਨਿ ਵਸਾਏ ॥

ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।