ਸਿਧ ਗੋਸਟਿ

(ਅੰਗ: 15)


ਨਉ ਸਰ ਸੁਭਰ ਦਸਵੈ ਪੂਰੇ ॥

(ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ,

ਤਹ ਅਨਹਤ ਸੁੰਨ ਵਜਾਵਹਿ ਤੂਰੇ ॥

ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ)।

ਸਾਚੈ ਰਾਚੇ ਦੇਖਿ ਹਜੂਰੇ ॥

(ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ।

ਘਟਿ ਘਟਿ ਸਾਚੁ ਰਹਿਆ ਭਰਪੂਰੇ ॥

ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ।

ਗੁਪਤੀ ਬਾਣੀ ਪਰਗਟੁ ਹੋਇ ॥

(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),

ਨਾਨਕ ਪਰਖਿ ਲਏ ਸਚੁ ਸੋਇ ॥੫੩॥

ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥

ਸਹਜ ਭਾਇ ਮਿਲੀਐ ਸੁਖੁ ਹੋਵੈ ॥

ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।

ਗੁਰਮੁਖਿ ਜਾਗੈ ਨੀਦ ਨ ਸੋਵੈ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।

ਸੁੰਨ ਸਬਦੁ ਅਪਰੰਪਰਿ ਧਾਰੈ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।

ਕਹਤੇ ਮੁਕਤੁ ਸਬਦਿ ਨਿਸਤਾਰੈ ॥

(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।

ਗੁਰ ਕੀ ਦੀਖਿਆ ਸੇ ਸਚਿ ਰਾਤੇ ॥

ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।

ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥

ਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥

ਕੁਬੁਧਿ ਚਵਾਵੈ ਸੋ ਕਿਤੁ ਠਾਇ ॥

(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?

ਕਿਉ ਤਤੁ ਨ ਬੂਝੈ ਚੋਟਾ ਖਾਇ ॥

ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,

ਜਮ ਦਰਿ ਬਾਧੇ ਕੋਇ ਨ ਰਾਖੈ ॥

ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,

ਬਿਨੁ ਸਬਦੈ ਨਾਹੀ ਪਤਿ ਸਾਖੈ ॥

ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?)।

ਕਿਉ ਕਰਿ ਬੂਝੈ ਪਾਵੈ ਪਾਰੁ ॥

ਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?

ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥

ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥

ਕੁਬੁਧਿ ਮਿਟੈ ਗੁਰਸਬਦੁ ਬੀਚਾਰਿ ॥

(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।

ਸਤਿਗੁਰੁ ਭੇਟੈ ਮੋਖ ਦੁਆਰ ॥

ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ।