ਸਿਧ ਗੋਸਟਿ

(ਅੰਗ: 14)


ਗੁਰ ਪਰਚੈ ਮਨੁ ਸਾਚਿ ਸਮਾਇ ॥

ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,

ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥

ਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥

ਨਾਮ ਤਤੁ ਸਭ ਹੀ ਸਿਰਿ ਜਾਪੈ ॥

ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।

ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥

ਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।

ਤਤੋ ਤਤੁ ਮਿਲੈ ਮਨੁ ਮਾਨੈ ॥

(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ,

ਦੂਜਾ ਜਾਇ ਇਕਤੁ ਘਰਿ ਆਨੈ ॥

ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।

ਬੋਲੈ ਪਵਨਾ ਗਗਨੁ ਗਰਜੈ ॥

ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ,

ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥

(ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥

ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥

(ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ)।

ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥

ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ)।

ਘਟਿ ਘਟਿ ਸੁੰਨ ਕਾ ਜਾਣੈ ਭੇਉ ॥

ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ)

ਆਦਿ ਪੁਰਖੁ ਨਿਰੰਜਨ ਦੇਉ ॥

ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਜੋ ਜਨੁ ਨਾਮ ਨਿਰੰਜਨ ਰਾਤਾ ॥

ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ,

ਨਾਨਕ ਸੋਈ ਪੁਰਖੁ ਬਿਧਾਤਾ ॥੫੧॥

ਹੇ ਨਾਨਕ! ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੫੧॥

ਸੁੰਨੋ ਸੁੰਨੁ ਕਹੈ ਸਭੁ ਕੋਈ ॥

ਹਰੇਕ ਮਨੁੱਖ "ਅਫੁਰ ਅਵਸਥਾ" ਦਾ ਜ਼ਿਕਰ ਕਰਦਾ ਹੈ,

ਅਨਹਤ ਸੁੰਨੁ ਕਹਾ ਤੇ ਹੋਈ ॥

(ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ)।

ਅਨਹਤ ਸੁੰਨਿ ਰਤੇ ਸੇ ਕੈਸੇ ॥

(ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ,

ਜਿਸ ਤੇ ਉਪਜੇ ਤਿਸ ਹੀ ਜੈਸੇ ॥

(ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।

ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥

ਉਹ ਮਨੁੱਖ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ,

ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ ॥੫੨॥